ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ, 12 ਸਤੰਬਰ
ਅਫਗਾਨਿਸਤਾਨ ’ਤੇ ਕਾਬਜ਼ ਤਾਲਿਬਾਨ ਵੱਲੋਂ ਪੰਜਸ਼ੀਰ ਵਾਦੀ ’ਤੇ ਲਗਪਗ ਪੂਰਾ ਕਬਜ਼ਾ ਕਰ ਲਿਆ ਗਿਆ ਹੈ। ਇਸੇ ਦੌਰਾਨ ਤਾਲਿਬਾਨ ਦਾ ਵਿਰੋਧ ਕਰਨ ਵਾਲੀ ਕੌਮੀ ਰਜ਼ਿਸਟੈਂਸ ਫੋਰਸ ਦਾ ਕਮਾਂਡਰ ਅਹਿਮਦ ਮਸੂਦ ਅਫਗਾਨਿਸਤਾਨ ਵਿੱਚ ਹੀ ਹੈ। ਇਰਾਨ ਦੀ ਖਬਰ ਏਜੰਸੀ ਐੱਫਏਆਰਐੱਸ ਨੇ ਇਸ ਅਫਵਾਹ ਨੂੰ ਨਕਾਰ ਦਿੱਤਾ ਹੈ ਕਿ ਅਹਿਮਦ ਮਸੂਦ ਅਫਗਾਨਿਸਤਾਨ ਛੱਡ ਕੇ ਤੁਰਕੀ ਜਾਂ ਕਿਸੇ ਹੋਰ ਦੇਸ਼ ਚਲਾ ਗਿਆ ਹੈ। ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਮਸੂਦ ਕਿਸੇ ਸੁਰੱਖਿਅਤ ਥਾਂ ’ਤੇ ਹੈ ਅਤੇ ਪੰਜਸ਼ੀਰ ਵਿੱਚ ਕੌਮੀ ਰਜ਼ਿਸਟੈਂਸ ਫੋਰਸ ਦੇ ਸੰਪਰਕ ਵਿੱਚ ਹੈ। ਤਾਲਿਬਾਨ ਦੇ ਇਕ ਬੁਲਾਰੇ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਹਿਮਦ ਮਸੂਦ ਅਤੇ ਅਫਗਾਨ ਸਰਕਾਰ ਦਾ ਸਾਬਕਾ ਉਪ-ਰਾਸ਼ਟਰਪਤੀ ਅਮਰੁਲ੍ਹਾ ਸਾਲੇਹ ਨੇੜਲੇ ਦੇਸ਼ ਤਾਜੀਕਿਸਤਾਨ ਵੱਲ ਫਰਾਰ ਹੋ ਗਏ ਹਨ।