ਇਸਲਾਮਾਬਾਦ, 11 ਨਵੰਬਰ
ਅਮਰੀਕਾ, ਚੀਨ, ਰੂਸ ਅਤੇ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਨੇ ਤਾਲਿਬਾਨ ਨੂੰ ਸੱਦਾ ਦਿੱਤਾ ਹੈ ਕਿ ਉਹ ਸਾਰੇ ਕੌਮਾਂਤਰੀ ਦਹਿਸ਼ਤੀ ਗੁੱਟਾਂ ਨਾਲ ਆਪਣੇ ਸਬੰਧ ਤੋੜ ਲਵੇ। ਉਨ੍ਹਾਂ ਕਾਬੁਲ ’ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਸਰਕਾਰ ਬਣਾਉਣ ਦੌਰਾਨ ਮੁਲਕ ’ਚ ਸਰਗਰਮ ਦਹਿਸ਼ਤੀ ਜਥੇਬੰਦੀਆਂ ਨੂੰ ਵੀ ਕੋਈ ਥਾਂ ਨਾ ਦੇਣ ਲਈ ਕਿਹਾ ਹੈ।
ਚਾਰ ਮੁਲਕਾਂ ਦੇ ਵਿਸ਼ੇਸ਼ ਅਫ਼ਗਾਨ ਨੁਮਾਇੰਦਿਆਂ ਦੀ ਬੈਠਕ ਦੌਰਾਨ ਅਫ਼ਗਾਨਿਸਤਾਨ ਦੇ ਹਾਲਾਤ ਦੀ ਸਮੀਖਿਆ ਕੀਤੀ ਗਈ ਅਤੇ ਆਸ ਜਤਾਈ ਕਿ ਤਾਲਿਬਾਨ ਆਪਣੇ ਗੁਆਂਢੀ ਮੁਲਕਾਂ ਖ਼ਿਲਾਫ਼ ਦਹਿਸ਼ਤਗਰਦਾਂ ਵੱਲੋਂ ਆਪਣੀ ਧਰਤੀ ਦੀ ਵਰਤੋਂ ਕਰਨ ਤੋਂ ਰੋਕਣ ਲਈ ਵਚਨਬੱਧਤਾ ਨਿਭਾਏਗਾ। ਚਾਰ ਮੁਲਕਾਂ ਨੇ ਸਾਂਝੇ ਬਿਆਨ ’ਚ ਅਫ਼ਗਾਨਿਸਤਾਨ ਦੇ ਮਾਨਵੀ ਅਤੇ ਆਰਥਿਕ ਹਾਲਾਤ ’ਤੇ ਚਿੰਤਾ ਜਤਾਈ ਹੈ। ਇਨ੍ਹਾਂ ਅਧਿਕਾਰੀਆਂ ਨੇ ਤਾਲਿਬਾਨ ਨੂੰ ਸਹੀ ਨੀਤੀਆਂ ਲਾਗੂ ਕਰਨ ਲਈ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਖੁਸ਼ਹਾਲ ਅਤੇ ਸਥਿਰ ਅਫ਼ਗਾਨਿਸਤਾਨ ਬਣਾਉਣ ’ਚ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਮਹਿਲਾਵਾਂ ਅਤੇ ਸਾਰੇ ਅਫ਼ਗਾਨਾਂ ਨੂੰ ਬਰਾਬਰੀ ਦੇ ਹੱਕ ਦੇਣ ਦੀ ਵੀ ਵਕਾਲਤ ਕੀਤੀ ਹੈ। ਉਨ੍ਹਾਂ ਅਫ਼ਗਾਨਿਸਤਾਨ ’ਚ ਹੁਣੇ ਜਿਹੇ ਹੋਏ ਅਤਿਵਾਦੀ ਹਮਲਿਆਂ ਦੀ ਵੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। -ਪੀਟੀਆਈ