ਕਾਬੁਲ, 12 ਅਗਸਤ
ਅਫ਼ਗਾਨਿਸਤਾਨ ਤੋਂ ਅਮਰੀਕਾ ਤੇ ਨਾਟੋ ਦਸਤਿਆਂ ਦੀ ਵਾਪਸੀ ਵਿਚਾਲੇ ਤਾਲਿਬਾਨ ਨੇ ਅੱਜ ਕਾਬੁਲ ਨੇੜੇ ਗਜ਼ਨੀ ਤੇ ਹੈਰਾਤ ’ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਨੂੰ ਮਿਲਾ ਕੇ ਇਹ ਅਤਿਵਾਦੀ ਜਥੇਬੰਦੀ ਹੁਣ ਤੱਕ 11 ਸੂਬਾਈ ਰਾਜਧਾਨੀਆਂ ’ਤੇ ਕਬਜ਼ਾ ਕਰ ਚੁੱਕੀ ਹੈ।
ਕਾਬੁਲ ਦੇ ਦੱਖਣ-ਪੱਛਮ ’ਚ 130 ਕਿਲੋਮੀਟਰ ਦੂਰ ਗਜ਼ਨੀ ’ਚ ਅਤਿਵਾਦੀਆਂ ਨੇ ਸਫੇਦ ਝੰਡੇ ਲਹਿਰਾਏ। ਦੋ ਸਥਾਨਕ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਸ਼ਹਿਰ ਦੇ ਬਾਹਰ ਇੱਕ ਫੌਜੀ ਸੰਸਥਾ ਤੇ ਖੁਫੀਆ ਟਿਕਾਣੇ ’ਤੇ ਨਿੱਕੀ-ਮੋਟੀ ਲੜਾਈ ਅਜੇ ਵੀ ਚੱਲ ਰਹੀ ਹੈ। ਤਾਲਿਬਾਨ ਵੱਲੋਂ ਆਨਲਾਈਨ ਵੀਡੀਓ ਤੇ ਤਸਵੀਰਾਂ ਪਾਈਆਂ ਗਈਆਂ ਹਨ ਜਿਨ੍ਹਾਂ ’ਚ ਉਸ ਦੇ ਲੜਾਕੇ ਗਜ਼ਨੀ ਸੂਬੇ ਦੀ ਰਾਜਧਾਨੀ ਗਜ਼ਨੀ ’ਚ ਨਜ਼ਰ ਆ ਰਹੇ ਹਨ। ਕਈ ਦਿਨਾਂ ਤੋਂ ਜਾਰੀ ਲੜਾਈ ਬਾਰੇ ਅਫ਼ਗਾਨ ਸਰਕਾਰ ਤੇ ਸੁਰੱਖਿਆ ਦਸਤੇ ਕੋਈ ਵੀ ਟਿੱਪਣੀ ਕਰਨ ਨੂੰ ਤਿਆਰ ਨਹੀਂ ਹੈ। ਲਗਾਤਾਰ ਅੱਗੇ ਵੱਧ ਰਹੇ ਤਾਲਿਬਾਨ ਤੋਂ ਕਾਬੁਲ ਨੂੰ ਕੋਈ ਸਿੱਧਾ ਖਤਰਾ ਨਹੀਂ ਹੈ ਪਰ ਉਸ ਦੀ ਤੇਜ਼ੀ ਨਾਲ ਚੜ੍ਹਾਈ ਸਵਾਲ ਖੜ੍ਹੇ ਕਰਦੀ ਹੈ ਕਿ ਅਫ਼ਗਾਨ ਸਰਕਾਰ ਆਪਣੇ ਕੋਲ ਬਚੇ ਇਲਾਕੇ ਅਖੀਰ ਕਦੋਂ ਤੱਕ ਕਾਬੂ ਹੇਠ ਰੱਖ ਸਕੇਗੀ। ਗਜ਼ਨੀ ਸੂਬੇ ਦੇ ਕੌਂਸਲ ਮੈਂਬਰ ਅਮਾਨੁੱਲ੍ਹਾ ਕਾਮਰਾਨੀ ਨੇ ਦੱਸਿਆ ਕਿ ਸ਼ਹਿਰ ਦੇ ਬਾਹਰ ਬਣੇ ਦੋ ਟਿਕਾਣੇ ਹੁਣ ਵੀ ਸਰਕਾਰੀ ਦਸਤਿਆਂ ਦੇ ਕਬਜ਼ੇ ਹੇਠ ਹਨ। ਇਸੇ ਵਿਚਾਲੇ ਅਫ਼ਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰਾਂ ’ਚੋਂ ਇੱਕ ਲਸ਼ਕਰਗਾਹ ’ਚ ਲੜਾਈ ਤੇਜ਼ ਹੋ ਗਈ ਹੈ। ਹੇਲਮੰਡ ਤੋਂ ਸੰਸਦ ਮੈਂਬਰ ਨਸੀਮਾ ਨਿਆਜ਼ੀ ਨੇ ਦੱਸਿਆ ਕਿ ਬੀਤੇ ਦਿਨ ਆਤਮਘਾਤੀ ਕਾਰ ਬੰਬ ਹਮਲੇ ’ਚ ਰਾਜਧਾਨੀ ਦੇ ਖੇਤਰੀ ਪੁਲੀਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ। -ਪੀਟੀਆਈ
ਅਫ਼ਗਾਨਿਸਤਾਨ ’ਚ ਜੰਗ ਦੇ ਹਾਲਾਤ ਤੋਂ ਭਾਰਤ ਫਿਕਰਮੰਦ
ਨਵੀਂ ਦਿੱਲੀ: ਭਾਰਤ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ’ਚ ਪੈਦਾ ਹੋਏ ਜੰਗ ਦੇ ਹਾਲਾਤ ਤੋਂ ਫਿਕਰਮੰਦ ਹੈ। ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਹਿੰਸਾ ਰੋਕਣ ਲਈ ਵਿਆਪਕ ਗੋਲੀਬੰਦੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ, ਅਫ਼ਗਾਨਿਸਤਾਨ ’ਚ ਸਾਰੀਆਂ ਸਬੰਧਤ ਧਿਰਾਂ ਦੇ ਸੰਪਰਕ ’ਚ ਹੈ ਅਤੇ ਉਥੋਂ ਦੇ ਵਿਗੜਦੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਗਚੀ ਨੇ ਕਿਹਾ ਕਿ ਕਤਰ ਦੇ ਸੱਦੇ ’ਤੇ ਭਾਰਤ ਨੇ ਦੋਹਾ ’ਚ ਅਫ਼ਗਾਨਿਸਤਾਨ ਬਾਰੇ ਹੋਈ ਖੇਤਰੀ ਕਾਨਫਰੰਸ ’ਚ ਸ਼ਮੂਲੀਅਤ ਕੀਤੀ ਹੈ। ਪਾਕਿਸਤਾਨ ਵੱਲੋਂ ਤਾਲਿਬਾਨ ਨੂੰ ਹਮਾਇਤ ਦਿੱਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਬਾਗਚੀ ਨੇ ਕਿਹਾ ਕਿ ਕੌਮਾਂਤਰੀ ਭਾਈਚਾਰਾ ਉਸ ਮੁਲਕ ਦੀ ਭੂਮਿਕਾ ਤੋਂ ਜਾਣੂ ਹੈ। -ਪੀਟੀਆਈ
ਇਮਰਾਨ ਖਾਨ ਨੇ ਅਮਰੀਕਾ ’ਤੇ ਕਸਿਆ ਤਨਜ਼
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ’ਤੇ ਤਨਜ਼ ਕਸਦਿਆਂ ਕਿਹਾ ਕਿ ਉਸ ਨੂੰ ਪਾਕਿਸਤਾਨ ਦੀ ਜ਼ਰੂਰਤ ਸਿਰਫ਼ ਉਸ ਗੜਬੜੀ ਨਾਲ ਨਜਿੱਠਣ ਲਈ ਸੀ ਜਿਸ ਖ਼ਿਲਾਫ਼ ਉਹ (ਅਮਰੀਕਾ) 20 ਸਾਲ ਲੜਾਈ ਲੜਦਾ ਰਿਹਾ ਹੈ ਅਤੇ ਹੁਣ ਜਦੋਂ ਰਣਨੀਤਕ ਭਾਈਵਾਲੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਭਾਰਤ ਨੂੰ ਪਹਿਲ ਦਿੰਦਾ ਹੈ। ਇਮਰਾਨ ਨੇ ਖਾਨ ਨੇ ਇੱਥੇ ਵਿਦੇਸ਼ੀ ਪੱਤਰਕਾਰਾਂ ਨੂੰ ਕਿਹਾ, ‘ਪਾਕਿਸਤਾਨ ਨੂੰ ਸਿਰਫ਼ ਉਸ ਗੜਬੜੀ ਨਾਲ ਨਜਿੱਠਣ ਦੇ ਯੋਗ ਸਮਝਿਆ ਜਾਂਦਾ ਰਿਹਾ ਹੈ ਜਿਸ ਦਾ ਫੌਜੀ ਹੱਲ ਲੱਭਣ ਦੀ 20 ਸਾਲ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਹੁਣ ਜਦੋਂ ਭਾਰਤ ਨਾਲ ਰਣਨੀਤਕ ਭਾਈਵਾਲੀ ਦਾ ਫ਼ੈਸਲਾ ਕੀਤਾ ਹੈ ਤਾਂ ਉਹ ਪਾਕਿਸਤਾਨ ਨਾਲ ਅਲੱਗ ਵਿਹਾਰ ਕਰ ਰਿਹਾ ਹੈ। ਪਾਕਿਸਤਾਨ ਇਸ ਗੱਲੋਂ ਨਾਰਾਜ਼ ਹੈ ਕਿ ਬਾਇਡਨ ਨੇ ਜਨਵਰੀ ’ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲ ਨਹੀਂ ਕੀਤੀ ਹੈ। ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ਼ ਨੇ ਹਾਲ ਹੀ ’ਚ ਇਸ ਗੱਲ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਸੀ ਕਿ ਅਫ਼ਗਾਨਿਸਤਾਨ ਵਰਗੇ ਕੁਝ ਅਹਿਮ ਮੁੱਦਿਆਂ ’ਤੇ ਪਾਕਿਸਤਾਨ ਨੂੰ ਅਹਿਮ ਮੁਲਕ ਮੰਨਣ ਦੇ ਬਾਵਜੂਦ ਬਾਇਡਨ ਦੀ ਪ੍ਰਧਾਨ ਮੰਤਰੀ ਨਾਲ ਸੰਪਰਕ ਕਰਨ ਦੀ ਇੱਛਾ ਨਹੀਂ ਹੈ। -ਪੀਟੀਆਈ