ਵਾਸ਼ਿੰਗਟਨ/ਲੰਡਨ, 24 ਜਨਵਰੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨਾਲ ਫੋਨ ਉਤੇ ਕੀਤੀ ਪਹਿਲੀ ਗੱਲਬਾਤ ’ਚ ਅਟਲਾਂਟਿਕ ਮਹਾਸਾਗਰ ਨਾਲ ਜੁੜੇ ਦੋਵਾਂ ਦੇਸ਼ਾਂ ਦੇ ਹਿੱਤਾਂ, ਮਹਾਮਾਰੀ ਤੇ ਜਲਵਾਯੂ ਤਬਦੀਲੀ ਬਾਰੇ ਵਿਚਾਰ-ਚਰਚਾ ਕੀਤੀ। ਬਾਇਡਨ ਨੇ ਜੌਹਨਸਨ ਨੂੰ ਦੱਸਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ਬਰਤਾਨੀਆ ਨਾਲ ‘ਵਿਸ਼ੇਸ਼ ਰਿਸ਼ਤੇ’ ਨੂੰ ਹੋਰ ਮਜ਼ਬੂਤ ਕਰਨ ਦਾ ਚਾਹਵਾਨ ਹੈ। ਦੋਵਾਂ ਆਗੂਆਂ ਨੇ ‘ਨਾਟੋ ਗੱਠਜੋੜ’ ’ਤੇ ਵੀ ਵਚਨਬੱਧਤਾ ਪ੍ਰਗਟ ਕੀਤੀ। ਇਸ ਤੋਂ ਇਲਾਵਾ ਕੋਵਿਡ ਤੇ ਮੌਸਮੀ ਤਬਦੀਲੀ ਨਾਲ ਵੀ ਦੋਵੇਂ ਮੁਲਕ ਮਿਲ ਕੇ ਨਜਿੱਠਣ ’ਤੇ ਸਹਿਮਤ ਹੋਏ। ਯੂਕੇ ਦੇ ਪ੍ਰਧਾਨ ਮੰਤਰੀ ਤੋਂ ਪਹਿਲਾਂ ਬਾਇਡਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਮੈਕਸਿਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੂਅਲ ਲੋਪੇਜ਼ ਓਵਰਾਡੋਰ ਨਾਲ ਵੀ ਗੱਲਬਾਤ ਕੀਤੀ ਹੈ। ਜੌਹਨਸਨ ਨੇ ਟਵੀਟ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਹੋਈ ਹੈ। ਦੋਵਾਂ ਆਗੂਆਂ ਨੇ ਦਹਾਕਿਆਂ ਪੁਰਾਣੇ ਗੱਠਜੋੜ ਨੂੰ ਹੋਰ ਗਹਿਰਾ ਕਰਨ ਦੀ ਵਚਨਬੱਧਤਾ ਪ੍ਰਗਟਾਈ। ਅਮਰੀਕਾ ਤੇ ਬਰਤਾਨੀਆ ਵਿਚਾਲੇ ਨਵਾਂ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਡਾਊਨਿੰਗ ਸਟਰੀਟ ਦੇ ਬੁਲਾਰੇ ਨੇ ਮੁਕਤ ਵਪਾਰ ਸਮਝੌਤੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੌਹਨਸਨ ਮੌਜੂਦਾ ਵਪਾਰਕ ਅੜਿੱਕਿਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ। ਦੱਸਣਯੋਗ ਹੈ ਕਿ ਬ੍ਰੈਗਜ਼ਿਟ ਤੋਂ ਬਾਅਦ ਯੂਕੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਦਾ ਚਾਹਵਾਨ ਹੈ ਜਦਕਿ ਅਮਰੀਕੀ ਪ੍ਰਸ਼ਾਸਨ ਹਾਲੇ ਇਸ ਬਾਰੇ ਜ਼ਿਆਦਾ ਗੰਭੀਰ ਨਹੀਂ ਹੈ। ਆਗੂਆਂ ਨੇ ਵਿਦੇਸ਼ ਨੀਤੀ ’ਤੇ ਵੀ ਗੱਲਬਾਤ ਕੀਤੀ ਜਿਸ ’ਚ ਚੀਨ, ਇਰਾਨ ਤੇ ਰੂਸ ਦਾ ਵੀ ਜ਼ਿਕਰ ਹੋਇਆ। ਯੂਕੇ ਜੂਨ ’ਚ ਕੌਰਨਵਾਲ ’ਚ ਜੀ7 ਸਿਖ਼ਰ ਸੰਮੇਲਨ ਵੀ ਕਰਵਾ ਰਿਹਾ ਹੈ। -ਪੀਟੀਆਈ