ਪੇਈਚਿੰਗ/ਕੋਲੰਬੋ, 16 ਅਗਸਤ
ਚੀਨ ਨੇ ਅੱਜ ਕਿਹਾ ਕਿ ਸ੍ਰੀਲੰਕਾ ਦੀ ਬੰਦਰਗਾਹ ਉਤੇ ਖੜ੍ਹੇ ਇਸ ਦੇ ਅਤਿ-ਆਧੁਨਿਕ ਖੋਜੀ ਸਮੁੰਦਰੀ ਬੇੜੇ ਨਾਲ ਕਿਸੇ ਤੀਜੇ ਮੁਲਕ ਦੀ ਸੁਰੱਖਿਆ ਲਈ ਕੋਈ ਖ਼ਤਰਾ ਖੜ੍ਹਾ ਨਹੀਂ ਹੋਵੇਗਾ। ਇਹ ਕਿਸੇ ‘ਤੀਜੀ ਧਿਰ’ ਲਈ ਅੜਿੱਕਾ ਨਹੀਂ ਬਣਨਾ ਚਾਹੀਦਾ। ਜ਼ਿਕਰਯੋਗ ਹੈ ਕਿ ਚੀਨ ਦਾ ਇਹ ਬੇੜਾ ਸ੍ਰੀਲੰਕਾ ਦੀ ਬੰਦਰਗਾਹ ਹੰਬਨਟੋਟਾ ’ਤੇ ਖੜ੍ਹਾ ਹੈ। ਭਾਰਤ ਤੇ ਅਮਰੀਕਾ ਨੇ ਇਸ ਉਤੇ ਫ਼ਿਕਰ ਜ਼ਾਹਿਰ ਕੀਤਾ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਸਮੁੰਦਰੀ ਜਹਾਜ਼ ‘ਯੂਆਨ ਵੈਂਗ 5’ ਸ੍ਰੀਲੰਕਾ ਸਰਕਾਰ ਦੇ ਸਹਿਯੋਗ ਨਾਲ ਇਸ ਬੰਦਰਗਾਹ ਉਤੇ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹੰਬਨਟੋਟਾ ਬੰਦਰਗਾਹ ਚੀਨ ਨੇ ਸ੍ਰੀਲੰਕਾ ਤੋਂ 2017 ਵਿਚ 99 ਸਾਲਾਂ ਦੀ ਲੀਜ਼ ਉਤੇ ਲਈ ਹੈ। ਸ੍ਰੀਲੰਕਾ ਨੇ ਇਹ ਬੰਦਰਗਾਹ ਕਰਜ਼ਾ ਚੁਕਾਉਣ ਬਦਲੇ ਚੀਨ ਹਵਾਲੇ ਕੀਤੀ ਹੈ। ਚੀਨ ਦੇ ਬੁਲਾਰੇ ਨੇ ਕਿਹਾ ਕਿ ਇਸ ਬੇੜੇ ਦੀਆਂ ਵਿਗਿਆਨਕ ਖੋਜੀ ਗਤੀਵਿਧੀਆਂ ਕੌਮਾਂਤਰੀ ਕਾਨੂੰਨਾਂ ਮੁਤਾਬਕ ਹਨ। ਦੱਸਣਯੋਗ ਹੈ ਕਿ ਇਸ ਸਮੁੰਦਰੀ ਬੇੜੇ ਦੇ ਅਮਲੇ ਵਿਚ 2000 ਮੈਂਬਰ ਸ਼ਾਮਲ ਹਨ। ਇਹ ਸੈਟੇਲਾਈਟ ਤੇ ਬੈਲਿਸਟਿਕ ਮਿਜ਼ਾਈਲਾਂ ਟਰੈਕ ਕਰ ਸਕਦਾ ਹੈ। ਸ੍ਰੀਲੰਕਾ ਨੇ ਕਿਹਾ ਹੈ ਕਿ ਉਨ੍ਹਾਂ ਵਿਆਪਕ ਵਿਚਾਰ-ਚਰਚਾ ਤੋਂ ਬਾਅਦ ਇਸ ਬੇੜੇ ਨੂੰ ਬੰਦਰਗਾਹ ਉਤੇ ਰੁਕਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸ੍ਰੀਲੰਕਾ ਇਕ ਖ਼ੁਦਮੁਖਤਿਆਰ ਮੁਲਕ ਹੈ ਤੇ ਆਪਣੇ ਫ਼ੈਸਲੇ ਆਪ ਲੈ ਸਕਦਾ ਹੈ, ਜਦਕਿ ਭਾਰਤ ਆਪਣਾ ਪੱਖ ਖੇਤਰੀ ਸੁਰੱਖਿਆ ਦੇ ਲਿਹਾਜ਼ ਨਾਲ ਰੱਖੇਗਾ। ਇਸੇ ਦੌਰਾਨ ਚੀਨ ਨੇ ਉਨ੍ਹਾਂ ਸੱਤ ਤਾਇਵਾਨੀ ਆਗੂਆਂ ਤੇ ਅਧਿਕਾਰੀਆਂ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ ਜੋ ਤਾਇਵਾਨ ਦੀ ਖ਼ੁਦਮੁਖਤਿਆਰੀ ਬਰਕਰਾਰ ਰੱਖਣ ਦੇ ਪੱਖ ਵਿਚ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ’ਚ ਟਾਪੂ ਮੁਲਕ ਦਾ ਕਈ ਵਿਦੇਸ਼ੀ ਆਗੂਆਂ ਨੇ ਦੌਰਾ ਕੀਤਾ ਹੈ ਜਦਕਿ ਚੀਨ, ਤਾਇਵਾਨ ’ਤੇ ਆਪਣਾ ਦਾਅਵਾ ਜਤਾਉਂਦਾ ਹੈ। ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਅਗਸਤ ਦੇ ਸ਼ੁਰੂ ਵਿਚ ਤਾਇਵਾਨ ਦਾ ਦੌਰਾ ਕੀਤਾ ਸੀ, ਜਦਕਿ ਸੋਮਵਾਰ ਡੈਮੋਕ੍ਰੈਟਿਕ ਸੈਨੇਟਰ ਐੱਡ ਮਾਰਕੀ ਦੀ ਅਗਵਾਈ ਵਿਚ ਅਮਰੀਕੀ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੇ ਤਾਇਵਾਨ ਦਾ ਦੌਰਾ ਕੀਤਾ ਹੈ। ਚੀਨ ਨੇ ਪੇਲੋਸੀ ਤੇ ਇਸ ਮੰਤਰੀ ਉਤੇ ਪਹਿਲਾਂ ਹੀ ਪਾਬੰਦੀਆਂ ਲਾ ਦਿੱਤੀਆਂ ਸਨ। ਇਸ ਤੋਂ ਇਲਾਵਾ ਚੀਨ ਵੱਲੋਂ ਤਾਇਵਾਨ ਨਾਲ ਲੱਗਦੇ ਸਮੁੰਦਰੀ ਖੇਤਰ ਵਿਚ ਜੰਗੀ ਮਸ਼ਕਾਂ ਵੀ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਤਾਇਵਾਨ ਨਾਲ ਚੀਨ ਦੇ ਹਥਿਆਰਬੰਦ ਟਕਰਾਅ ਦਾ ਖ਼ਤਰਾ ਖੜ੍ਹਾ ਹੋ ਗਿਆ ਸੀ। ਚੀਨ ਲੰਮੇ ਸਮੇਂ ਤੋਂ ਤਾਇਵਾਨ ਨੂੰ ਆਪਣਾ ਹਿੱਸਾ ਦੱਸਦਾ ਰਿਹਾ ਹੈ। ਚੀਨ ਦੀ ਸੱਤਾਧਾਰੀ ‘ਕਮਿਊਨਿਸਟ ਪਾਰਟੀ ਆਫ਼ ਚਾਈਨਾ’ ਮੁਤਾਬਕ ਤਾਇਵਾਨ ਦੇ ਪਾਬੰਦੀ ਅਧੀਨ ਆਗੂ ਤੇ ਉਨ੍ਹਾਂ ਦੇ ਪਰਿਵਾਰ ਹੁਣ ਚੀਨ ਵਿਚ ਦਾਖਲ ਨਹੀਂ ਹੋ ਸਕਣਗੇ। ਹੋਰ ਪਾਬੰਦੀਆਂ ਵੀ ਲਾਈਆਂ ਗਈਆਂ ਹਨ। ਇਸੇ ਦੌਰਾਨ ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਕਿਹਾ ਹੈ ਕਿ ਚੀਨ ਨੂੰ ਫ਼ੌਜੀ ਮੰਤਵਾਂ ਲਈ ਹੰਬਨਟੋਟਾ ਬੰਦਰਗਾਹ ਨਹੀਂ ਵਰਤਣ ਦਿੱਤੀ ਜਾਵੇਗੀ। -ਪੀਟੀਆਈ