ਜਕਾਰਤਾ/ਦਿੱਲੀ, 22 ਅਪਰੈਲ
ਇੰਡੋਨੇਸ਼ੀਆ ਦੀ ਲਾਪਤਾ ਹੋਈ ਪਣਡੁੱਬੀ ਦੀ ਅੱਜ ਭਾਰਤ, ਆਸਟਰੇਲੀਆ, ਸਿੰਗਾਪੁਰ ਤੇ ਹੋਰ ਦੇਸ਼ਾਂ ਦੀ ਮਦਦ ਨਾਲ ਸਾਰਾ ਦਿਨ ਭਾਲ ਚੱਲਦੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਬਾਲੀ ਦੀਪ ਤੋਂ 96 ਕਿਲੋਮੀਟਰ ਉੱਤਰ ਵਿਚ ਜਿਸ ਥਾਂ ਪਣਡੁੱਬੀ ਨੇ ਆਖ਼ਰੀ ਵਾਰ ਗੋਤਾ ਲਾਇਆ ਸੀ, ਦੁਆਲੇ ਤੇਲ ਰਿਸਣ ਤੇ ਡੀਜ਼ਲ ਦੀ ਮੁਸ਼ਕ ਹੈ। ਜ਼ਿਕਰਯੋਗ ਹੈ ਕਿ ਕੇਆਰਆਈ ਨਾਂਗਲਾ 402 ਪਣਡੁੱਬੀ ਬੁੱਧਵਾਰ ਨੂੰ ਇਕ ਮਸ਼ਕ ਵਿਚ ਹਿੱਸਾ ਲੈਣ ਵੇਲੇ ਲਾਪਤਾ ਹੋ ਗਈ ਸੀ। ਇਸ ਵਿਚ 53 ਲੋਕ ਸਵਾਰ ਸਨ।
ਇੰਡੋਨੇਸ਼ੀਆ ਜਲ ਸੈਨਾ ਦੇ ਤਰਜਮਾਨ ਜੂਲੀਅਸ ਵਿਡਜੋਜੋਨੋ ਨੇ ਕਿਹਾ ਕਿ ਪਣਡੁੱਬੀ ਦੀ ਤਲਾਸ਼ੀ ਮੁਹਿੰਮ ਵਿਚ ਭਾਰਤ, ਆਸਟਰੇਲੀਆ ਤੇ ਸਿੰਗਾਪੁਰ ਸਣੇ ਕਈ ਅਜਿਹੇ ਦੇਸ਼ਾਂ ਦੀ ਮਦਦ ਲਈ ਜਾ ਰਹੀ ਹੈ ਜਿਨ੍ਹਾਂ ਕੋਲ ਸਮੁੰਦਰ ਦੀ ਡੂੰਘਾਈ ਵਿਚ ਜਾ ਕੇ ਬਚਾਅ ਕਾਰਜ ਕਰਨ ਦੀ ਸਮਰੱਥਾ ਵਾਲੇ ਵਾਹਨ ਹਨ। ਇੰਡੋਨੇਸ਼ੀਆ ਜਲ ਸੈਨਾ ਨੇ ਖੇਤਰ ਵਿਚ ਪਣਡੁੱਬੀ ਦੀ ਭਾਲ ਕਰਨ ਲਈ ਕਈ ਸਮੁੰਦਰੀ ਜਹਾਜ਼ ਲਗਾਏ ਗਏ ਹਨ। ਇਸੇ ਦੌਰਾਨ ਭਾਰਤੀ ਜਲ ਸੈਨਾ ਨੇ ਵੀ ਅੱਜ ਲਾਪਤਾ ਹੋਈ ਪਣਡੁੱਬੀ ਨੂੰ ਲੱਭਣ ਵਿਚ ਇੰਡੋਨੇਸ਼ੀਆ ਦੀ ਜਲ ਸੈਨਾ ਦੀ ਮਦਦ ਕਰਨ ਵਾਸਤੇ ਡੂੰਘਾਈ ਵਿਚ ਜਾ ਕੇ ਬਚਾਅ ਕਾਰਜ ਕਰਨ ਦੀ ਸਮਰੱਥਾ ਵਾਲਾ ਵਾਹਨ (ਵੈਸਲ) ਤਾਇਨਾਤ ਕਰ ਦਿੱਤਾ ਗਿਆ ਹੈ। -ਪੀਟੀਆਈ
ਰਾਜਨਾਥ ਵੱਲੋਂ ਇੰਡੋਨੇਸ਼ਿਆਈ ਹਮਰੁਤਬਾ ਨੂੰ ਹਰ ਸੰਭਵ ਮਦਦ ਦਾ ਭਰੋਸਾ
ਨਵੀਂ ਦਿੱਲੀ: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੰਡੋਨੇਸ਼ਿਆਈ ਹਮਰੁਤਬਾ ਜਨਰਲ ਪ੍ਰਾਬੋਵੋ ਸੁਬਿਆਂਤੋ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ 53 ਵਿਅਕਤੀਆਂ ਸਣੇ ਲਾਪਤਾ ਹੋਈ ਪਨਡੁੱਬੀ ਦੀ ਭਾਲ ਕਰਨ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸ੍ਰੀ ਰਾਜਨਾਥ ਸਿੰਘ ਨੇ ਟਵੀਟ ਕਰ ਕੇ ਕਿਹਾ, ‘‘ਇੰਡੋਨੇਸ਼ੀਆ ਦੇ ਰੱਖਿਆ ਮੰਤਰੀ ਜਨਰਲ ਪ੍ਰਾਬੋਵੋ ਸੁਬਿਆਂਤੋ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਪਨਡੁੱਬੀ ਤੇ ਇਸ ਦੇ ਅਮਲੇ ਦੇ ਲਾਪਤਾ ਹੋਣ ਦੀ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ। ਭਾਰਤ ਵੱਲੋਂ ਪਨਡੁੱਬੀ ਦੀ ਭਾਲ ਵਿਚ ਇੰਡੋਨੇਸ਼ੀਆ ਬਚਾਅ ਦਲ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।’’ -ਪੀਟੀਆਈ