ਚਾਰਲਟ (ਅਮਰੀਕਾ), 24 ਅਗਸਤ
ਰਿਪਬਲਿਕਨ ਪਾਰਟੀ ਦੇ ਡੈਲੀਗੇਟਸ ਨੇ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਅਤੇ ਮਾਈਕ ਪੈਂਸ ਨੂੰ ਊਪ ਰਾਸ਼ਟਰਪਤੀ ਦੇ ਅਹੁਦੇ ਲਈ ਰਸਮੀ ਤੌਰ ’ਤੇ ਮੁੜ ਉਮੀਦਵਾਰ ਚੁਣ ਲਿਆ ਹੈ। ਰਿਪਬਲਿਕਨ ਡੈਲੀਗੇਟਸ ਦੀ ਹਫ਼ਤਾ ਭਰ ਚੱਲਣ ਵਾਲੀ ਕਾਨਫਰੰਸ ਦੌਰਾਨ ਅਮਰੀਕੀ ਲੋਕਾਂ ਨੂੰ ਯਕੀਨ ਦਿਵਾਇਆ ਜਾਵੇਗਾ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੇ ਕਾਬਿਲ ਹਨ। ਕਰੋਨਾਵਾਇਰਸ ਮਹਾਮਾਰੀ ਦੇ ਬਾਵਜੂਦ ਡੈਲੀਗੇਟਸ ਚਾਰਲਟ ਕਨਵੈਨਸ਼ਨ ਸੈਂਟਰ ’ਚ ਇਕੱਠੇ ਹੋਣਗੇ ਪਰ ਉਹ ਸਮਾਜਿਕ ਦੂਰੀ ਦੇ ਪਾਲਣ ਦੇ ਨਾਲ ਨਾਲ ਚਿਹਰੇ ’ਤੇ ਮਾਸਕ ਵੀ ਲਗਾ ਕੇ ਰੱਖਣਗੇ। ਇਸ ਦੇ ਉਲਟ ਡੈਮੋਕਰੈਟਸ ਨੇ ਜੋਅ ਬਾਇਡਨ ਨੂੰ ਰਾਸ਼ਟਰਪਤੀ ਚੋਣ ਲੜਨ ਦੀ ਪ੍ਰਵਾਨਗੀ ਦੇਣ ਸਮੇਂ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਲਵਾਈ ਸੀ ਅਤੇ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਸੀ। ਟਰੰਪ ਲਈ ਇਹ ਕਨਵੈਨਸ਼ਨ ਅਹਿਮ ਹੈ ਕਿਉਂਕਿ ਸ਼ੁਰੂਆਤੀ ਰੁਝਾਨਾਂ ’ਚ ਉਹ ਅਜੇ ਆਪਣੇ ਵਿਰੋਧੀ ਬਾਇਡਨ ਤੋਂ ਪਿੱਛੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਥੀਆਂ ਦਾ ਮੰਨਣਾ ਹੈ ਕਿ ਕਨਵੈਨਸ਼ਨ ਨਾਲ ਟਰੰਪ ਪ੍ਰਤੀ ਵੋਟਰਾਂ ’ਚ ਮਾਹੌਲ ਬਣ ਜਾਵੇਗਾ। ਮੰਗਲਵਾਰ ਨੂੰ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਰੋਜ਼ ਗਾਰਡਨ ਤੋਂ ਕਨਵੈਨਸ਼ਨ ਨੂੰ ਸੰਬੋਧਨ ਕਰੇਗੀ ਜਦਕਿ ਉਪ ਰਾਸ਼ਟਰਪਤੀ ਮਾਈਕ ਪੈਂਸ ਬੁੱਧਵਾਰ ਅਤੇ ਟਰੰਪ ਵੀਰਵਾਰ ਨੂੰ ਭਾਸ਼ਣ ਦੇਣਗੇ।
-ਏਪੀ