ਲੰਡਨ, 14 ਸਤੰਬਰ
ਮਹਾਰਾਣੀ ਐਲਿਜ਼ਾਬੈੱਥ ਦੋਇਮ ਦਾ ਤਾਬੂਤ ਲੰਡਨ ਦੇ ਬਕਿੰਘਮ ਪੈਲੇਸ ਤੋਂ ਅੱਜ ਆਪਣੇ ਅੰਤਿਮ ਸਫ਼ਰ ਲਈ ਰਵਾਨਾ ਹੋ ਗਿਆ। ਤਾਬੂਤ ਨੂੰ ਇਥੇ ਸੰਸਦੀ ਕੰਪਲੈਕਸ ਦੇ ਸਾਂਝੇ ਸਦਨ ਵੈਸਟਮਿਨਸਟਰ ਹਾਲ ਵਿੱਚ ਰੱਖਿਆ ਜਾਵੇਗਾ। ਪੈਲੇੇਸ ਤੋਂ ਸੰਸਦੀ ਕੰਪਲੈਕਸ ਦਾ ਫਾਸਲਾ 2 ਕਿਲੋਮੀਟਰ ਦਾ ਸੀ। ਮਹਾਰਾਣੀ ਦੀਆਂ ਅੰਤਿਮ ਰਸਮਾਂ ਸੋਮਵਾਰ ਨੂੰ ਵੈਸਟਮਿਨਸਟਰ ਐਬੇ ਵਿੱਚ ਹੋਣਗੀਆਂ। ਮਹਾਰਾਣੀ ਦਾ 96 ਸਾਲ ਦੀ ਉਮਰ ਵਿਚ ਸਕਾਟਲੈਂਡ ਦੇ ਬੈਲਮੋਰਲ ਕੈਸਲ ਵਿੱਚ ਦੇਹਾਂਤ ਹੋ ਗਿਆ ਸੀ।
ਸਮਰਾਟ ਦੀ ਸ਼ਾਹੀ ਫੌਜ ਦੇ ਜਵਾਨ ਮਹਾਰਾਣੀ ਦੇ ਤਾਬੂਤ ਨੂੰ ਸ਼ਾਹੀ ਘੋੜਿਆਂ ਵਾਲੀ ਬੱਘੀ ਵਿਚ ਲੈ ਕੇ ਰਵਾਨਾ ਹੋਏ। ਇਸ ਤੋਂ ਪਹਿਲਾਂ ਸਮਰਾਟ ਚਾਰਲਸ 3 ਤੇ ਉਨ੍ਹਾਂ ਦੇ ਪੁੱਤਰਾ ਸ਼ਹਿਜ਼ਾਦਾ ਵਿਲੀਅਮਜ਼ ਤੇ ਹੈਰੀ ਨੇ ਤਾਬੂਤ ਪਿੱਛੇ ਚੱਲਣ ਦੀ ਸ਼ਾਹੀ ਰਸਮ ਨੂੰ ਪੂਰਾ ਕੀਤਾ ਤੇ ਹਾਈਡ ਪਾਰਕ ਤੋਂ ਤੋਪਾਂ ਦੀ ਸਲਾਮੀ ਦਿੱਤੀ ਗਈ। ਕੈਂਟਰਬਰੀ ਦੇ ਆਰਕਬਿਸ਼ਪ ਜਸਟਿਸ ਵੈਲਬੀ ਤੇ ਵੈਸਟਮਿਨਸਟਰ ਦੇ ਡੀਨ ਡਾ.ਡੈਵਿਡ ਹੋਇਲ ਨੇ ਸ਼ਾਹੀ ਰਸਮਾਂ ਨੂੰ ਪੂਰਾ ਕੀਤਾ। ਇਸ ਮੌਕੇ ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਸਨ। ਇਸ ਪੂਰੀ ਰਸਮ ਦੌਰਾਨ ਸਮਰਾਟ ਦੇ ਅੰਗਰੱਖਿਅਕ ਤੇ ਹੋਰ ਗਾਰਡਾਂ ਵੱਲੋਂ ਚੌਕਸੀ ਡਿਊਟੀ ਦਿੱਤੀ ਗਈ। ਇਸ ਦੌਰਾਨ ਮਹਾਰਾਣੀ ਦੀ ਇਕ ਝਲਕ ਲਈ ਲੋਕ ਅੱਜ ਸਵੇਰ ਤੋਂ ਹੀ ਬਕਿੰਘਮ ਪੈਲੇਸ ਦੇ ਬਾਹਰ ਇਕੱਤਰ ਹੋਣਾ ਸ਼ੁਰੂ ਹੋ ਗਏ ਸਨ। ਪੈਲੇਸ ਤੋਂ ਵੈਸਟਮਿਨਸਟਰ ਹਾਲ ਤੱਕ ਸੜਕ ਦੇ ਦੋਵੀਂ ਪਾਸੀਂ ਵੱਡੀ ਗਿਣਤੀ ਲੋਕ ਮੌਜੂਦ ਸਨ। ਪੈਲੇਸ ਦੇ ਬਾਹਰ ਮੌਲ ਅਤੇ ਥੇਮਸ ਨਦੀ ਦੇ ਕੰਢੇ ਵੀ ਬਹੁਗਿਣਤੀ ਲੋਕ ਨਜ਼ਰ ਆਏ। ਹਾਊਸਹੋਲਡ ਡਿਵੀਜ਼ਨ, ਜੋ ਮਹਾਰਾਣੀ ਦੀਆਂ ਅੰਤਿਮ ਰਸਮਾਂ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ, ਦੇ ਮੇਜਰ ਜਨਰਲ ਕ੍ਰਿਸਟੋਫਰ ਨੇ ਕਿਹਾ, ‘‘ਅੱਜ ਦਾ ਦਿਨ ਬਹੁਤ ਉਦਾਸ ਹੈ, ਪਰ ਇਹ ਮਹਾਰਾਣੀ ਪ੍ਰਤੀ ਫ਼ਰਜ਼ ਨਿਭਾਉਣ ਦਾ ਸਾਡਾ ਆਖਰੀ ਜਦੋਂਕਿ ਸਮਰਾਟ ਪ੍ਰਤੀ ਸਾਡਾ ਪਹਿਲਾ ਮੌਕਾ ਹੈ। ਤੇ ਇਸ ਸਾਨੂੰ ਹੋਰ ਵੀ ਗੌਰਵ ਮਹਿਸੂਸ ਕਰਵਾਉਂਦਾ ਹੈ।’’ ਸਮਰਾਟ ਦੀ ਟਰੂਪ ਰੌਇਲ ਹੌਰਸ ਆਰਟਿਲਰੀ ਦੇ ਸਾਰਜੈਂਟ ਟੌਮ ਜੈਂਕਸ ਨੇ ਕਿਹਾ ਕਿ ਘੋੜਿਆਂ ਨੂੰ ਅੰਤਿਮ ਰਸਮਾਂ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। -ਏਪੀ
ਅੰਤਿਮ ਰਸਮਾਂ ’ਚ ਸ਼ਾਮਲ ਹੋਣਗੇ ਦੱਖਣੀ ਪ੍ਰਸ਼ਾਂਤ ਖਿੱਤੇ ਦੇ ਆਗੂ
ਕੈਨਬਰਾ(ਆਸਟਰੇਲੀਆ): ਸੋਲੋਮਨ ਟਾਪੂਆਂ, ਪਪੂਆ ਨਿਊ ਗਿਨੀਆ, ਸਾਮੋਆ ਤੇ ਟੁਵਾਲੂ ਦੇ ਆਗੂ ਵੀ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਆਗੂਆਂ ਨੇ ਆਸਟਰੇਲੀਆ ਦੇ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ। ਆਸਟਰੇਲੀਆ ਦੱਖਣੀ ਪ੍ਰਸ਼ਾਂਤ ਦੇ ਇਨ੍ਹਾਂ ਆਗੂਆਂ ਨੂੰ ਆਪਣੇ ਨਾਲ ਬਰਤਾਨੀਆ ਲੈ ਕੇ ਜਾਵੇਗਾ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਪ੍ਰਸ਼ਾਂਤ ਖਿੱਤੇ ਦੀਆਂ 10 ਸਾਬਕਾ ਬਰਤਾਨਵੀ ਕਾਲੋਨੀਆਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ। -ਏਪੀ