ਪੇਈਚਿੰਗ: ਚੀਨੀ ਤਿੱਬਤ ਏਅਰਲਾਈਨਜ਼ ਦੇ ਜਹਾਜ਼ ਨੂੰ ਅੱਜ ਉਸ ਸਮੇਂ ਅੱਗ ਲੱਗ ਗਈ ਜਦੋਂ ਉਹ ਰਨਵੇਅ ਤੋਂ ਉਤਰ ਗਿਆ। ਅੱਗ ਲੱਗਣ ਕਾਰਨ 40 ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਾਦਸਾ ਦੱਖਣ-ਪੱਛਮੀ ਚੋਂਗਸ਼ਿੰਗ ਸ਼ਹਿਰ ’ਚ ਵਾਪਰਿਆ। ਜਹਾਜ਼ ’ਚ 113 ਮੁਸਾਫ਼ਰ ਅਤੇ ਅਮਲੇ ਦੇ 9 ਮੈਂਬਰ ਸਵਾਰ ਸਨ। ਹਵਾਈ ਅੱਡੇ ’ਤੇ ਰਨਵੇਅ ਤੋਂ ਤਿਲਕਣ ਮਗਰੋਂ ਜਹਾਜ਼ ਅੱਗ ਦੀਆਂ ਲਪਟਾਂ ’ਚ ਘਿਰ ਗਿਆ। ਜ਼ਖ਼ਮੀ ਹੋਏ ਵਿਅਕਤੀਆਂ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ ਅਤੇ ਰਨਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਜਹਾਜ਼ ਨੇ ਤਿੱਬਤ ਦੇ ਨਿੰਗਚੀ ਲਈ ਰਵਾਨਾ ਹੋਣਾ ਸੀ। ਏਅਰਲਾਈਨਜ਼ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋ ਕੁ ਮਹੀਨੇ ਪਹਿਲਾਂ 12 ਮਾਰਚ ਨੂੰ ਬੋਇੰਗ 737 ਗੁਆਂਗਸ਼ੀ ਜ਼ੁਆਂਗ ਖ਼ਿੱਤੇ ਦੀ ਤੇਂਗਸ਼ਿਆਨ ਕਾਊਂਟੀ ’ਚ ਹਾਦਸਾਗ੍ਰਸਤ ਹੋ ਗਿਆ ਸੀ ਜਿਸ ’ਚ ਸਵਾਰ ਸਾਰੇ 132 ਵਿਅਕਤੀ ਮਾਰੇ ਗਏ ਸਨ। -ਪੀਟੀਆਈ