ਵਾਸ਼ਿੰਗਟਨ, 2 ਜੂਨ
ਵ੍ਹਾਈਟ ਹਾਊਸ ਦੇ ਉੱਘੇ ਪੱਤਰਕਾਰ ਅਤੇ ਇੰਡੀਆ ਅਮਰੀਕਾ ਟੁਡੇ ਨਿਊਜ਼ਵਾਇਰ ਦੇ ਬਾਨੀ ਤੇ ਸੰਪਾਦਕ ਤੇਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਪ੍ਰਕਾਸ਼ਨ ਸਮੂਹ ਨੇ ਟਵਿੱਟਰ ’ਤੇ 29 ਮਈ ਨੂੰ ਕਿਹਾ ਕਿ ਇੰਡੀਆ ਅਮਰੀਕਾ ਟੁਡੇ ਆਪਣੇ ਬਾਨੀ ਅਤੇ ਸੰਪਾਦਕ ਤੇਜਿੰਦਰ ਸਿੰਘ ਦੇ ਦੇਹਾਂਤ ’ਤੇ ਡੂੰਘਾ ਅਫ਼ਸੋਸ ਪ੍ਰਗਟ ਕਰਦਾ ਹੈ। ਉਨ੍ਹਾਂ ਇੰਡੀਆ ਅਮਰੀਕਾ ਟੁਡੇ ਦੀ ਸ਼ੁਰੂਆਤ 2012 ਵਿੱਚ ਕੀਤੀ ਸੀ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਐੱਫ ਕਿਰਬੀ ਨੇ ਤੇਜਿੰਦਰ ਸਿੰਘ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਤੇਜਿੰਦਰ ਸਿੰਘ 2011 ਤੋਂ ਪੈਂਟਾਗਨ ਦੇ ਪੱਤਰਕਾਰ ਰਹੇ ਅਤੇ ਉਹ ਵਧੀਆ ਇਨਸਾਨ ਤੇ ਪੱਤਰਕਾਰ ਸਨ। -ਪੀਟੀਆਈ -ਏਪੀ