ਇਸਲਾਮਾਬਾਦ, 10 ਜਨਵਰੀ
ਪਾਕਿਸਤਾਨ ਵਿੱਚ ਬਿਜਲੀ ਸਪਲਾਈ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਦੇਸ਼ ਦੇ ਕਈ ਸ਼ਹਿਰ ਅਤੇ ਕਸਬੇ ਬੀਤੀ ਰਾਤ ਹਨੇਰੇ ਵਿੱਚ ਡੁੱਬੇ ਰਹੇ। ਹਾਲਾਂਕਿ ਅੱਜ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਸ਼ਨਿਚਰਵਾਰ ਦੀ ਅੱਧੀ ਰਾਤ ਨੂੰ ਬਿਜਲੀ ਸਪਲਾਈ ਵਿੱਚ ਨੁਕਸ ਪੈਣ ਕਾਰਨ ਕਰਾਚੀ, ਰਾਵਲਪਿੰਡੀ, ਲਾਹੌਰ, ਇਸਲਾਮਾਬਾਦ, ਮੁਲਤਾਨ ਅਤੇ ਹੋਰ ਸ਼ਹਿਰਾਂ ਦੇ ਲੋਕਾਂ ਨੂੰ ਪੂਰੀ ਰਾਤ ਹਨੇਰੇ ਵਿੱਚ ਕੱਢਣੀ ਪਈ। ਕੇਂਦਰੀ ਊਰਜਾ ਮੰਤਰੀ ਉਮਰ ਅਯੂਬ ਖ਼ਾਨ ਅਤੇ ਸੂਚਨਾ ਮੰਤਰੀ ਸ਼ੀਬਲੀ ਫਰਾਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੰਧੂ ਸੂਬੇ ਦੇ ਗੁਡੂ ਪਾਵਰ ਪਲਾਂਟ ਵਿੱਚ ਤਕਨੀਕੀ ਨੁਕਸ ਕਾਰਨ ਸ਼ਨਿਚਰਵਾਰ ਰਾਤ 11.41 ਵਜੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਕਿ ਇਸਲਾਮਾਬਾਦ, ਰਾਵਲਪਿੰਡੀ, ਲਾਹੌਰ, ਮੁਲਤਾਨ, ਕਰਾਚੀ ਅਤੇ ਫੈਸਲਾਬਾਦ ਵਰਗੇ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ’ਤੇ ਬਹਾਲ ਕਰ ਦਿੱਤੀ ਗਈ ਹੈ, ਪਰ ਸਥਿਤੀ ਆਮ ਹੋਣ ਵਿੱਚ ਥੋੜ੍ਹਾ ਸਮਾਂ ਲੱਗੇਗਾ।
‘ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ, ਮੰਤਰੀ ਨੇ ਕਿਹਾ ਕਿ ਨੁਕਸ ਪੈਣ ਮਗਰੋਂ ਬਿਜਲੀ ਪਲਾਂਟ ਦੇ ਸੁਰੱਖਿਆ ਸਿਸਟਮ ਆਪਣੇ-ਆਪ ਬੰਦ ਹੋਣੇ ਸ਼ੁਰੂ ਹੋ ਗਏ। ਊਰਜਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਾਰੀ ਸਥਿਤੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਕਰਨ ਲਈ ਤਕਨੀਕੀ ਟੀਮ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹਾਲੇ ਤੱਕ ਬਿਜਲੀ ਸਪਲਾਈ ਠੱਪ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। -ਪੀਟੀਆਈ