ਇਸਲਾਮਾਬਾਦ, 24 ਅਪਰੈਲ
ਪਾਕਿਸਤਾਨ ਦੀ ਨਵੀਂ ਸਰਕਾਰ ਨੇ ਸ਼ਾਹਬਾਜ਼ ਸ਼ਰੀਫ਼ ਅਤੇ ਹੋਰ ਕਈ ਵੱਡੀਆਂ ਸ਼ਖ਼ਸੀਅਤਾਂ ਦੇ ਨਾਂ ‘ਨੋ ਫਲਾਈ’ ਸੂਚੀ ’ਚੋਂ ਹਟਾ ਦਿੱਤੇ ਹਨ।
ਪਿਛਲੇ ਹਫ਼ਤੇ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿੱਚ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੂੰ ਐਗਜ਼ਿਟ ਕੰਟਰੋਲ ਲਿਸਟ (ਈਸੀਐੱਲ) ਦੀ ਸਮੀਖਿਆ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ। ਇਸ ਸੂਚੀ ਵਿੱਚ ਉਨ੍ਹਾਂ ਵਿਅਕਤੀਆਂ ਦੇ ਨਾਂ ਹਨ ਜਿਨ੍ਹਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਖ਼ਬਰ ਅਨੁਸਾਰ, ਗ੍ਰਹਿ ਮੰਤਰਾਲੇ ਨੇ ਈਸੀਐੱਲ ’ਚੋਂ ਉਨ੍ਹਾਂ ਨਾਵਾਂ ਨੂੰ ਹਟਾਉਣ ਲਈ ਨੋਟੀਫਿਕੇਸ਼ਨਾਂ ਜਾਰੀ ਕਰਨਾ ਸ਼ੁਰੂ ਕਰ ਦਿੱਤੀਆਂ ਹਨ, ਜੋ ਬਿਨਾ ਕਿਸੇ ਠੋਸ ਕਾਰਨ ਤੋਂ 120 ਦਿਨਾਂ ਤੋਂ ਸੂਚੀ ਵਿੱਚ ਸਨ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਉਨ੍ਹਾਂ ਦੀ ਪਤਨੀ ਨੁਸਰਤ ਸ਼ਾਹਬਾਜ਼, ਭਤੀਜੀ ਮਰੀਅਮ ਨਵਾਜ਼, ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ, ਉਨ੍ਹਾਂ ਦੇ ਪੁੱਤਰ ਅਬਦੁੱਲਾ ਖਾਕਾਨ ਅਤੇ ਵਿੱਤ ਮੰਤਰੀ ਮਿਫ਼ਤਾਹ ਇਸਮਾਈਲ ਨੂੰ ਬਿਨਾ ਕਿਸੇ ਅੜਿੱਕੇ ਤੋਂ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਸਨਾਉੱਲ੍ਹਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਿਆਸੀ ਬਦਲਾਖੋਰੀ ਲਈ ਈਸੀਐੱਲ ਵਿੱਚ ਨਾਂ ਪਾਏ ਗਏ। ਈਸੀਐੱਲ ਕਾਲੀ ਸੂਚੀ ਵਿੱਚ 4,863 ਵਿਅਕਤੀਆਂ ਅਤੇ ਅਸਥਾਈ ਕੌਮੀ ਪਛਾਣ ਸੂਚੀ (ਪੀਐੱਨਆਈਐੱਲ) ਵਿੱਚ 30,000 ਵਿਅਕਤੀ ਸ਼ਾਮਲ ਹਨ। ਮੰਤਰੀ ਨੇ ਕਿਹਾ ਸੀ, ‘‘ਹਾਂ, ਈਸੀਐੱਲ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ, ਜਿਸ ਨਾਲ ਸਿੱਧੇ ਤੌਰ ’ਤੇ 3,500 ਵਿਅਕਤੀਆਂ ਨੂੰ ਫਾਇਦਾ ਹੋਵੇਗਾ।’’ -ਪੀਟੀਆਈ
ਬਿਲਾਵਲ ਭੁੱਟੋ ਇਕ-ਦੋ ਦਿਨਾਂ ’ਚ ਵਿਦੇਸ਼ ਮੰਤਰੀ ਵਜੋਂ ਲੈਣਗੇ ਹਲਫ਼
ਇਸਲਾਮਾਬਾਦ/ਲੰਡਨ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਵਿੱਚ ਸਾਰੀਆਂ ਸਹਿਯੋਗੀ ਪਾਰਟੀਆਂ ਦੇ ਇਕਮਤ ਨਾ ਹੋਣ ਦੀਆਂ ਅਫਵਾਹਾਂ ’ਤੇ ਵਿਰਾਮ ਲਗਾਉਂਦੇ ਹੋਏ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸੀਨੀਅਰ ਆਗੂ ਅਤੇ ਕਸ਼ਮੀਰ ਮਾਮਲਿਆਂ ਤੇ ਗਿਲਗਿਟ-ਬਾਲਟਿਸਤਾਨ ਬਾਰੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਕਮਰ ਜ਼ਮਾਂ ਕੈਰਾ ਨੇ ਲੰਡਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਅਗਲੇ ਇਕ ਜਾਂ ਦੋ ਦਿਨਾਂ ਵਿੱਚ ਮੁਲਕ ਦੇ ਵਿਦੇਸ਼ ਮੰਤਰੀ ਵਜੋਂ ਹਲਫ਼ ਲੈਣਗੇ। ਭੁੱਟੋ-ਜ਼ਰਦਾਰੀ ਪਰਿਵਾਰ ਦੇ 33 ਸਾਲਾ ਵੰਸ਼ਜ ਬਿਲਾਵਲ ਵਿਦੇਸ਼ ਮੰਤਰੀ ਵਰਗੇ ਵੱਕਾਰੀ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ। ਉਨ੍ਹਾਂ ਨੇ ਲੰਘੇ ਮੰਗਲਵਾਰ ਨੂੰ ਸਹੁੰ ਨਹੀਂ ਚੁੱਕੀ ਸੀ, ਜਿਸ ਕਰ ਕੇ ਉਨ੍ਹਾਂ ਦੇ ਨਵੀਂ ਸਰਕਾਰ ਵਿੱਚ ਸ਼ਾਮਲ ਹੋਣ ਦੇ ਇੱਛੁਕ ਨਾ ਹੋਣ ਦੀਆਂ ਅਫ਼ਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ। -ਪੀਟੀਆਈ