ਲੰਡਨ, 20 ਮਈ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਕਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਆਈਸੀਯੂ ’ਚ ਉਨ੍ਹਾਂ ਦੀ ਸੰਭਾਲ ਕਰਨ ਵਾਲੀ ਨਰਸ ਨੇ ਇਸ ਖਤਰਨਾਕ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਦੇ ਢੰਗ ਤਰੀਕਿਆਂ ਦੀ ਆਲੋਚਨਾ ਕਰਦਿਆਂ ਅਸਤੀਫਾ ਦੇ ਦਿੱਤਾ ਹੈ। ਉਸ ਨੇ ਨਾਲ ਹੀ ਕਿਹਾ ਕਿ ਨਰਸਾਂ ਨੂੰ ਉਹ ਸਨਮਾਨ ਤੇ ਤਨਖ਼ਾਹ ਨਹੀਂ ਮਿਲ ਰਹੀ ਜਿਸ ਦਾ ਉਨ੍ਹਾਂ ਨੂੰ ਹੱਕ ਹੈ। ਮੂਲ ਰੂਪ ’ਚ ਨਿਊਜ਼ੀਲੈਂਡ ਦੀ ਰਹਿਣ ਵਾਲੀ ਜੈੱਨੀ ਮੈੱਕਗੀ ਨੇ ਕਿਹਾ ਕਿ ਇਸ ਮਹਾਮਾਰੀ ਕਾਰਨ ਬਰਤਾਨੀਆ ’ਚ 1.20 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਸਾਲ ਸਾਬਤ ਹੋਇਆ ਹੈ। ਉਨ੍ਹਾਂ ‘ਦਿ ਯੀਅਰ ਬ੍ਰਿਟੇਨ ਸਟਾਪਡ’ ਦੇ ਸਿਰਲੇਖ ਵਾਲੀ ਚੈਨਲ-4 ਦੀ ਦਸਤਾਵੇਜ਼ੀ ’ਚ ਕਿਹਾ, ‘ਅਸੀਂ ਆਪਣੀ ਜਾਨ ਦਾਅ ’ਤੇ ਲਾ ਦਿੱਤੀ ਅਤੇ ਸਖਤ ਮਿਹਨਤ ਨਾਲ ਕੰਮ ਕੀਤਾ ਅਤੇ ਇਸ ਬਾਰੇ ਕਾਫੀ ਗੱਲਾਂ ਹੋਈਆਂ ਕਿ ਕਿਵੇਂ ਅਸੀਂ ਸਾਰੇ ਹੀਰੋ ਹਾਂ। ਪਰ ਨਾਲ ਹੀ ਮੈਨੂੰ ਇਹ ਨਹੀਂ ਲੱਗਦਾ ਹੈ ਕਿ ਮੈਂ ਇਹ ਕਹਿ ਸਕਦੀ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕੌਮੀ ਸਿਹਤ ਸੇਵਾ ਨੂੰ ਕਿੰਨਾ ਕੁਝ ਦੇ ਸਕਦੀ ਹਾਂ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਨਮਾਨ ਤੇ ਉਹ ਤਨਖਾਹ ਨਹੀਂ ਮਿਲ ਰਹੀ ਜਿਸ ਦੇ ਉਹ ਹੱਕਦਾਰ ਹਨ। -ਪੀਟੀਆਈ