ਵਿੱਕੀ ਬਟਾਲਾ
ਰੋਮ, 6 ਸਤੰਬਰ
ਵਿਕਸਿਤ ਦੇਸ਼ਾਂ ਵਿੱਚ ਬੱਚਿਆਂ ਦੀ ਤੰਦਰੁਸਤੀ ਬਾਰੇ ਯੂਨੀਸੈਫ ਦੀ ਨਵੀਂ ਰਿਪੋਰਟ ਵਿੱਚ ਨੀਦਰਲੈਂਡਜ਼, ਡੈਨਮਾਰਕ ਅਤੇ ਨਾਰਵੇ ਨੂੰ ਸਾਂਝੇ ਤੌਰ ’ਤੇ ਬਾਲ ਕਲਿਆਣ ਲਈ ਪਹਿਲਾ ਸਥਾਨ ਮਿਲਿਆ ਹੈ ਜਦ ਕਿ ਇਟਲੀ 19 ਵੇਂ ਸਥਾਨ ’ਤੇ ਹੈ।
ਯੂਨੀਸੈਫ ਸੰਯੁਕਤ ਰਾਸ਼ਟਰ ਦੀ ਉਹ ਏਜੰਸੀ ਹੈ ਜੋ ਵਿਸ਼ਵ ਭਰ ਵਿੱਚ ਬੱਚਿਆਂ ਨੂੰ ਮਾਨਵਤਾਵਾਦੀ ਅਤੇ ਵਿਕਾਸ ਸਬੰਧੀ ਸਹਾਇਤਾ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ। ਰਿਪੋਰਟ ਮੁਤਾਬਕ ਇਟਲੀ 38 ਦੇਸ਼ਾਂ ਵਿੱਚੋਂ 19 ਵੇਂ ਨੰਬਰ ’ਤੇ ਹੈ ਅਤੇ ਬੱਚਿਆ ਪ੍ਰਤੀ ਚੰਗੀ ਨੀਅਤ ਪੈਦਾ ਕਰਨ ਵਾਲੀਆਂ ਨੀਤੀਆਂ ਅਤੇ ਹਾਲਤਾਂ ਦੇ ਸਬੰਧ ਵਿੱਚ 41 ਦੇਸ਼ਾਂ ਵਿੱਚੋਂ ਇਟਲੀ 34ਵੇਂ ਨੰਬਰ ਉੱਤੇ ਹੈ। ਯੂਨੀਸੈਫ ਦੇ ਇਟਲੀ ਦੇ ਪ੍ਰਧਾਨ ਫ੍ਰਨਚੈਸਕੋ ਸਮੈਂਗੋ ਨੇ ਕਿਹਾ ਕਿ ਰਿਪੋਰਟ ਦਰਸਾਉਂਦੀ ਹੈ ਕਿ ਬਹੁਤ ਸਾਰੇ ਅਮੀਰ ਦੇਸ਼ਾਂ ਵਿੱਚ 5 ਵਿੱਚੋਂ 4 ਬੱਚੇ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਮਹਿਸੂਸ ਕਰਦੇ ਹਨ ਜਦਕਿ ਖ਼ੁਦਕੁਸ਼ੀ 15-19 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਜ਼ਿਆਦਾ ਹੈ।