ਕਾਠਮੰਡੂ, 9 ਜੁਲਾਈ
ਨੇਪਾਲ ਦੀ ਹਾਕਮ ਕਮਿਊਨਿਸਟ ਪਾਰਟੀ ਵਿਚਲੀ ਧੜੇਬੰਦੀ ਦਾ ਰੇੜਕਾ ਅਜੇ ਖਤਮ ਨਹੀਂ ਹੋਇਆ ਕਿਉਂਕਿ ਇੱਕ ਹਫ਼ਤੇ ’ਚ ਅੱਧੀ ਦਰਜਨ ਦੇ ਕਰੀਬ ਮੀਟਿੰਗ ਦੇ ਬਾਵਜੂਦ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਤੇ ਐੱਨਸੀਪੀ ਦੇ ਕਾਰਜਕਾਰੀ ਚੇਅਰਮੈਨ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਕਿਸੇ ਸਹਿਮਤੀ ’ਤੇ ਨਹੀਂ ਪਹੁੰਚ ਸਕੇ। ਨੇਪਾਲ ਕਮਿਊਨਿਸਟ ਪਾਰਟੀ ਦੀ 45 ਮੈਂਬਰੀ ਸਥਾਈ ਕਮੇਟੀ ਦੀ ਮੀਟਿੰਗ ਬੀਤੇ ਦਿਨ ਹੋਣੀ ਸੀ ਪਰ ਹੁਣ ਇਹ ਭਲਕੇ 10 ਜੁਲਾਈ ਨੂੰ ਹੋਵੇਗੀ। ਅਜਿਹਾ ਲਗਾਤਾਰ ਚੌਥੀ ਵਾਰ ਹੋਇਆ ਹੈ ਜਦੋਂ ਇਹ ਮੀਟਿੰਗ ਟਲੀ ਹੋਵੇ। ਹੁਣ ਭਲਕੇ ਹੋਣ ਵਾਲੀ ਸਥਾਈ ਕਮੇਟੀ ਦੀ ਮੀਟਿੰਗ ’ਚ 68 ਸਾਲਾ ਓਲੀ ਦੇ ਭਵਿੱਖ ਬਾਰੇ ਕੋਈ ਫ਼ੈਸਲਾ ਹੋਣ ਦੀ ਉਮੀਦ ਹੈ। ਇਸੇ ਦੌਰਾਨ ਓਲੀ ਦੀ ਕੁਰਸੀ ਬਚਾਉਣ ਲਈ ਚੀਨੀ ਰਾਜਦੂਤ ਹੋਊ ਯਾਂਕੀ ਦਾ ਦਖਲ ਵੀ ਵੱਧ ਗਿਆ ਹੈ। ਪ੍ਰਚੰਡ ਦੀ ਹਮਾਇਤ ਪਾਰਟੀ ਦੇ ਸੀਨੀਅਰ ਆਗੂਆਂ ਤੇ ਸਾਬਕਾ ਪ੍ਰਧਾਨ ਮੰਤਰੀਆਂ ਮਾਧਵ ਕੁਮਾਰ ਨੇਪਾਲ ਅਤੇ ਝਾਲਾਨਾਥ ਖਨਾਲ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਆਗੂਆਂ ਵੱਲੋਂ ਓਲੀ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਭਾਰਤ ਖ਼ਿਲਾਫ਼ ਕੀਤੀਆਂ ਟਿੱਪਣੀਆਂ ਨਾ ਸਿਆਸੀ ਪੱਖੋਂ ਤੇ ਨਾ ਹੀ ਕੂਟਨੀਤਕ ਪੱਖੋਂ ਦਰੁਸਤ ਸਨ ਪਰ ਓਲੀ ਕੋਈ ਵੀ ਅਹੁਦਾ ਛੱਡਣ ਨੂੰ ਤਿਆਰ ਨਹੀਂ ਹਨ। ਨੇਪਾਲ ਦੀ ਕਮਿਊਨਿਸਟ ਪਾਰਟੀ ’ਚ ਇਸ ਸਮੇਂ ਦੋ ਧੜੇ ਬਣੇ ਹੋਏ ਹਨ ਜਿਨ੍ਹਾਂ ’ਚ ਇੱਕ ਦੀ ਅਗਵਾਈ ਓਲੀ ਤੇ ਦੂਜੇ ਦੀ ਅਗਵਾਈ ਪ੍ਰਚੰਡ ਵੱਲੋਂ ਕੀਤੀ ਜਾ ਰਹੀ ਹੈ। ਦੋਵਾਂ ਧੜਿਆਂ ਵਿਚਾਲੇ ਤਕਰਾਰ ਹੋਰ ਵੱਧ ਗਿਆ ਜਦੋਂ ਪ੍ਰਧਾਨ ਮੰਤਰੀ ਨੇ ਸੰਸਦ ਦਾ ਬਜਟ ਸੈਸ਼ਨ ਟਾਲਣ ਦਾ ਇੱਕਪਾਸੜ ਫ਼ੈਸਲਾ ਲੈ ਲਿਆ ਸੀ। -ਪੀਟੀਆਈ
ਨੇਪਾਲ ਨੇ ਭਾਰਤ ਦੇ ਨਿੱਜੀ ਨਿਊਜ਼ ਚੈਨਲਾਂ ਦਾ ਪ੍ਰਸਾਰਨ ਰੋਕਿਆ
ਕਾਠਮੰਡੂ: ਨੇਪਾਲ ਨੇ ਦੂਰਦਰਸ਼ਨ ਨੂੰ ਛੱਡ ਕੇ ਮੁਲਕ ਅੰਦਰ ਭਾਰਤ ਦੇ ਖ਼ਬਰਾਂ ਸਬੰਧੀ ਸਾਰੇ ਨਿੱਜੀ ਚੈਨਲਾਂ ਦੇ ਪ੍ਰਸਾਰਨ ’ਤੇ ਰੋਕ ਲਗਾ ਦਿੱਤੀ ਹੈ। ਨੇਪਾਲ ਨੇ ਦੋਸ਼ ਲਗਾਇਆ ਕਿ ਇਨ੍ਹਾਂ ਨਿਊਜ਼ ਚੈਨਲਾਂ ਦੀਆਂ ਰਿਪੋਰਟਾਂ ਨਾਲ ਉਨ੍ਹਾਂ ਦੇ ਮੁਲਕ ਦੀਆਂ ਕੌਮੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਭਾਰਤ ਵੱਲੋਂ ਅਜੇ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। -ਪੀਟੀਆਈ
ਨੇਪਾਲ ’ਚ ਹੜ੍ਹਾਂ ਕਾਰਨ ਦੋ ਮੌਤਾਂ, 18 ਲਾਪਤਾ
ਕਾਠਮੰਡੂ: ਨੇਪਾਲ ਦੇ ਸਿੰਧੂਪਾਲਚੌਕ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਕਾਰਨ ਆਏ ਹੜ੍ਹਾਂ ਕਰਕੇ ਘੱਟ-ਘੱਟ ਦੋ ਮੌਤਾਂ ਹੋ ਗਈਆਂ ਅਤੇ ਕਰੀਬ 18 ਜਣੇ ਲਾਪਤਾ ਹਨ। ਹੜ੍ਹਾਂ ਕਾਰਨ ਕਈ ਘਰ ਰੁੜ੍ਹ ਗਏ। ਇਹ ਘਟਨਾਵਾਂ ਜ਼ਿਲ੍ਹੇ ਦੇ ਅਰਾਨਿਕੋ ਹਾਈਵੇਅ ’ਤੇ ਵਾਪਰੀਆਂ ਜਦੋਂ ਜਾਂਬੂ ਖੇਤਰ ਵਿੱਚ ਮੀਂਹ ਦੇ ਪਾਣੀ ਨਾਲ ਸਥਾਨਕ ਨਾਲੇ ਓਵਰਫਲੋਅ ਹੋਣ ਲੱਗੇ। ਪੁਲੀਸ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਵਿੱਚ ਰੁੜ੍ਹੀ ਇੱਕ ਬੱਚੀ ਅਤੇ ਊਸ ਦੇ ਪਿਤਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ 18 ਜਣੇ ਅਜੇ ਵੀ ਲਾਪਤਾ ਹਨ। ਨੇਪਾਲ ਦੇ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ