ਲੰਡਨ, 6 ਸਤੰਬਰ
ਕੇਂਦਰੀ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿੱਚ ਚਾਕੂ ਨਾਲ ਕੀਤੇ ਲੜੀਵਾਰ ਹਮਲਿਆਂ ਵਿੱਚ ਇਕ ਵਿਅਕਤੀ ਹਲਾਕ ਜਦੋਂਕਿ ਸੱਤ ਜਣੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਵੈਸਟ ਮਿਡਲੈਂਡਜ਼ ਪੁਲੀਸ ਨੇ ਇਸ ਨੂੰ ‘ਵੱਡੀ ਘਟਨਾ’ ਕਰਾਰ ਦਿੱਤਾ ਹੈ। ਪੁਲੀਸ ਨੇ ਕਿਹਾ ਕਿ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵੱਡੇ ਤੜਕੇ ਸਿਟੀ ਸੈਂਟਰ ਵਿੱਚ ਚਾਕੂ ਨਾਲ ਹਮਲਾ ਕੀਤੇ ਜਾਣ ਦੀਆਂ ਕੋਈ ਰਿਪੋਰਟਾਂ ਮਿਲੀਆਂ ਹਨ। ਪੁਲੀਸ ਨੇ ਇਹਤਿਆਤ ਵਜੋਂ ਲੋਕਾਂ ਨੂੰ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਹੈ। ਪੁਲੀਸ ਨੇ ਕਿਹਾ ਕਿ ਹਮਲੇ ਪਿਛਲੇ ਮਕਸਦ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਹਾਲ ਦੀ ਘੜੀ ਅਸੀਂ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਹਾਂ। ਇਸ ਦੌਰਾਨ ਪੁਲੀਸ ਨੇ ਹਰਸਟ ਸਟਰੀਟ, ਇਰਵਿੰਗ ਸਟਰੀਟ ਤੇ ਐਡਮੰਡ ਸਟਰੀਟ ਖੇਤਰਾਂ ਨੂੰ ਘੇਰੇ ਵਿੱਚ ਲੈ ਲਿਆ ਹੈ। ਹਮਲੇ ਦੇ ਜ਼ਖ਼ਮੀਆਂ ਨੂੰ ਮੁਕਾਮੀ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਕਿਹਾ ਕਿ ਇਸ ਹਮਲੇ ਦੇ ਦਹਿਸ਼ਤੀ ਹੋਣ ਬਾਰੇ ਹਾਲ ਦੀ ਘੜੀ ਕਈ ਸੰਕੇਤ ਨਹੀਂ ਹਨ, ਪਰ ਫਿਰ ਵੀ ਲੋਕ ਚੌਕਸ ਰਹਿਣ।