ਪਿਸ਼ਾਵਰ, 8 ਅਗਸਤ
ਲਹਿੰਦੇ ਪੰਜਾਬ ’ਚ ਮੰਦਰ ’ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਖ਼ੈਬਰ ਪਖਤੂਨਖਵਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਇਹ ਮਤਾ ਸੂਬਾਈ ਵਿਧਾਨ ਸਭਾ ਦੇ ਘੱਟ ਗਿਣਤੀ ਮੈਂਬਰ ਰਵੀ ਕੁਮਾਰ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਸਦਨ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ।
ਸਦਨ ਨੇ ਸੂਬੇ ’ਚ ਘੱਟ ਗਿਣਤੀ ਮਾਮਲਿਆਂ ਬਾਰੇ ਕਮਿਸ਼ਨ ਦੀ ਸਥਾਪਨਾ ਦਾ ਮਤਾ ਵੀ ਪਾਸ ਕੀਤਾ ਹੈ। ਇਹ ਮਤਾ ਮਨੁੱਖੀ ਹੱਕਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ੌਕਤ ਯੂਸਫ਼ਜ਼ਈ ਵੱਲੋਂ ਪੇਸ਼ ਕੀਤਾ ਗਿਆ ਸੀ। ਸੁਪਰੀਮ ਕੋਰਟ ਵੱਲੋਂ ਅਧਿਕਾਰੀਆਂ ਦੀ ਲਾਹ-ਪਾਹ ਮਗਰੋਂ ਪੁਲੀਸ ਨੇ ਮੰਦਰ ’ਤੇ ਹਮਲੇ ਦੇ ਮੁੱਖ ਸ਼ੱਕੀ ਸਮੇਤ 50 ਵਿਅਕਤੀਆਂ ਨੂੰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ’ਚ 150 ਤੋਂ ਜ਼ਿਆਦਾ ਲੋਕਾਂ ਖ਼ਿਲਾਫ਼ ਅਤਿਵਾਦ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਸੁਣਵਾਈ 13 ਅਗਸਤ ਨੂੰ ਹੋਵੇਗੀ। ਭਾਰਤ ਨੇ ਵੀਰਵਾਰ ਨੂੰ ਦਿੱਲੀ ਸਥਿਤ ਪਾਕਿਸਤਾਨੀ ਸਫ਼ਾਰਤਖਾਨੇ ਦੇ ਅਧਿਕਾਰੀ ਨੂੰ ਤਲਬ ਕਰਕੇ ਇਸ ਘਟਨਾ ’ਤੇ ਤਿੱਖਾ ਰੋਸ ਜਤਾਇਆ ਸੀ। ਲਾਹੌਰ ਤੋਂ 590 ਕਿਲੋਮੀਟਰ ਦੂਰ ਰਹੀਮ ਯਾਰ ਖ਼ਾਨ ਜ਼ਿਲ੍ਹੇ ਦੇ ਭੋਂਗ ਸ਼ਹਿਰ ’ਚ ਸਥਿਤ ਮੰਦਰ ’ਤੇ ਸੈਂਕੜੇ ਲੋਕਾਂ ਨੇ ਲਾਠੀਆਂ, ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕਰਕੇ ਉਸ ਦੇ ਕੁਝ ਹਿੱਸਿਆਂ ’ਚ ਅੱਗ ਲਗਾ ਦਿੱਤੀ ਸੀ। ਸਥਾਨਕ ਮਦਰੱਸੇ ’ਚ ਕਥਿਤ ਤੌਰ ’ਤੇ ਪਿਸ਼ਾਬ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ 8 ਸਾਲ ਦੇ ਹਿੰਦੂ ਬੱਚੇ ਨੂੰ ਅਦਾਲਤ ਵੱਲੋਂ ਰਿਹਾਅ ਕਰਨ ਦੇ ਵਿਰੋਧ ’ਚ ਬੁੱਧਵਾਰ ਨੂੰ ਦੰਗੇ ਭੜਕੇ ਸਨ। ਦੰਗਾਕਾਰੀਆਂ ਨੇ ਮੰਦਰ ’ਚ ਮੂਰਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਸੀ। -ਪੀਟੀਆਈ