ਵਾਸ਼ਿੰਗਟਨ, 24 ਜੂਨ
ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਅੱਜ 2020 ’ਚ ਭਾਰਤੀ ਅਰਚਥਾਰੇ ’ਚ 4.5 ਫੀਸਦ ਕਮੀ ਆਉਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਆਈਐੱਮਐੱਫ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ ਤਕਰੀਬਨ ਸਾਰੀਆਂ ਆਰਥਿਕ ਗਤੀਆਂ ਰੁਕੀਆਂ ਹੋਣ ਕਾਰਨ ਦੇਸ਼ ਦੀ ਆਰਥਿਕਤਾ ਨਿਘਾਰ ਵੱਲ ਜਾਵੇਗੀ ਪਰ ਇਸ ਦੇ 2021 ’ਚ 6 ਫੀਸਦ ਦੀ ਵਿਕਾਸ ਦਰ ਹਾਸਲ ਕਰ ਲੈਣ ਦੀ ਸੰਭਾਵਨਾ ਹੈ। ਆਈਐੱਮਐੱਫ ਨੇ ਦੁਨੀਆ ਭਰ ਦੀ ਵਿਕਾਸ ਦਰ ਮਨਫੀ 4.9 ਫੀਸਦ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਆਈਐੱਮਐੱਫ ਦੀ ਮੁੱਖ ਅਰਥ ਸ਼ਾਸਤਰੀ ਭਾਰਤੀ ਅਮਰੀਕੀ ਗੀਤਾ ਗੋਪੀਨਾਥ ਨੇ ਕਿਹਾ, ‘ਸਾਨੂੰ 2020 ’ਚ -4.5 ਫੀਸਦ ਨਕਾਰਾਤਮਕ ਅਰਥਚਾਰੇ ਦਾ ਖਦਸ਼ਾ ਹੈ। ਹਾਲਾਂਕਿ ਸਾਰੀ ਦੁਨੀਆ ਦੇ ਮੁਲਕਾਂ ਦਾ ਇਹੀ ਹਾਲ ਹੈ। ਇਹ ਇਤਿਹਾਸ ਦੀ ਸਭ ਤੋਂ ਹੇਠਲੀ ਵਿਕਾਸ ਦਰ ਹੈ।’ ਆਈਐੱਮਐੱਫ ਦੀਆਂ ਰਿਪੋਰਟਾਂ ਅਨੁਸਾਰ 2021 ’ਚ ਦੁਨੀਆ ਦੀ ਵਿਕਾਸ ਦਰ 5.4 ਫੀਸਦ ਤੱਕ ਰਹੇਗੀ। ਅਜਿਹਾ ਪਹਿਲੀ ਵਾਰ ਹੈ ਜਦੋਂ ਸਾਰੇ ਮੁਲਕਾਂ ’ਚ ਨਕਾਰਾਤਮਕ ਵਿਕਾਸ ਦਰ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ।
-ਪੀਟੀਆਈ