ਪੇਈਚਿੰਗ, 18 ਜੂਨ
ਸੰਸਾਰ ਭਰ ਵਿੱਚ 21 ਜੂਨ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗ ਦਿਵਸ ਸਬੰਧੀ ਭਾਰਤੀ ਦੂਤਾਵਾਸ ਵੱਲੋਂ ਪੇਈਚਿੰਗ ਵਿੱਚ ਕਰਵਾਏ ਗਏ ਯੋਗ ਦਿਵਸ ਸਮਾਰੋਹ ਵਿੱਚ ਚੀਨ ਦੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਚੀਨ ਵਿੱਚ ਭਾਰਤੀ ਸਫ਼ੀਰ ਪ੍ਰਦੀਪ ਕੁਮਾਰ ਰਾਵਤ ਅਤੇ ਉਪ ਰਾਜਦੂਤ ਡਾ. ਐਕੁਇਨੋ ਵਿਮਲ ਨੇ ਇੱਥੇ ਇੰਡੀਆ ਹਾਊਸ ਵਿੱਚ ਕਰਵਾਏ ਇਸ ਯੋਗ ਸਮਾਰੋਹ ਵਿੱਚ ਭਾਗ ਲਿਆ।
ਭਾਰਤੀ ਦੂਤਾਵਾਸ ਨੇ ਇੱਕ ਟਵੀਟ ਵਿੱਚ ਕਿਹਾ, ‘‘ਮੈਂ’ ਨੂੰ ‘ਅਸੀਂ’ ਅਤੇ ‘ਅਸੀਂ’ ਨੂੰ ‘ਸੰਸਾਰ’ ਨਾਲ ਜੋੜਦਿਆਂ ਪੇਈਚਿੰਗ ਦੇ ਯੋਗ ਪ੍ਰੇਮੀ ਅੱਜ ਸਵੇਰੇ ਯੋਗ ਦੀ ਸਾਂਝੀ ਚੇਤਨਾ ਜਗਾਉਣ ਲਈ ਇਕੱਠੇ ਹੋਏ।’ ਮਹਾਮਾਰੀ ਦੇ ਦੌਰ ਵਿੱਚ ਯੋਗ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਰਾਵਤ ਨੇ ਕਿਹਾ, ‘‘ਕੋਵਿਡ ‘ਟਾਈਮ ਕਿੱਲਰ’ ਹੈ ਅਤੇ ਯੋਗ ‘ਕੋਵਿਡ ਕਿੱਲਰ’ ਹੈ।’’ ਉਨ੍ਹਾਂ ਇਸ ਸਾਲ ਦੇ ਕੌਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਦੂਤਾਵਾਸ ਵੱਲੋਂ ਕਰਵਾਏ ਗਏ ਵੱਖ ਵੱਖ ਪ੍ਰੋਗਰਾਮਾਂ ਦੇ ਨਾਲ ਡਿਜੀਟਲ ਮੁਹਿੰਮਾਂ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਆਸਣ ਸੀਰੀਜ਼, ਫੋਟੋ ਅਤੇ ਵੀਡੀਓ ਮੁਕਾਬਲੇ ਸ਼ਾਮਲ ਹਨ।
ਸ਼ੰਘਾਈ, ਗੁਆਂਗਜ਼ੂ ਅਤੇ ਹਾਂਗਕਾਂਗ ਦੇ ਭਾਰਤੀ ਦੂਤਾਵਸ ਤੋਂ ਇਲਾਵਾ ਚੀਨ ਦੇ 75 ਯੋਗ ਸਕੂਲ ਵੀ ਇੱਥੇ ਇੰਡੀਆ ਹਾਊਸ ਵਿੱਚ ਸ਼ਨਿਚਰਵਾਰ ਨੂੰ ਕਰਵਾਏ ਸਮਾਰੋਹ ਵਿੱਚ ਭਾਗ ਲੈਣ ਪੁੱਜੇ ਸਨ। ਇਸ ਸਮਾਰੋਹ ਦੀ ਖਿੱਚ ਦਾ ਕੇਂਦਰ ਪੇਈਚਿੰਗ ਵਾਸੀ ਭਾਰਤੀ ਕਲਾਕਾਰ ਗੁਰਜਿੰਦਰ ਕੌਰ ਵੱਲੋਂ ਸਟੇਨਲੈੱਸ ਸਟੀਲ ਨਾਲ ਤਿਆਰ ਕੀਤੀ ਗਈ ‘ਡਰੀਮ ਯੋਗ’ ਦੀ ਮੂਰਤੀ ਸੀ, ਜੋ ਕਿ ਕਲਾਕਾਰ ਦੇ ਬਚਪਨ ਨਾਲ ਸਬੰਧਤ ਯੋਗ ਦੀ ਯਾਦ ਨੂੰ ਦਰਸਾਉਂਦੀ ਹੈ। ਇਹ ਮੂਰਤੀ ਇੰਡੀਆ ਹਾਊਸ ਵਿੱਚ ਯੋਗ ਇਕੱਠ ਵਿਚਕਾਰ ਰੱਖੀ ਗਈ ਸੀ। ਇਸ ਦੌਰਾਨ ਵੱਖ ਵੱਖ ਯੋਗ ਸਕੂਲਾਂ ਦੇ ਕਈ ਚੀਨੀ ਯੋਗ ਅਧਿਆਪਕਾਂ ਨੇ ਘੰਟਾ ਭਰ ਦੇ ਯੋਗ ਸੈਸ਼ਨ ਵਿੱਚ ਭਾਗ ਲਿਆ। -ਪੀਟੀਆਈ