ਕਾਠਮੰਡੂ, 6 ਸਤੰਬਰ
ਭਾਰਤ ਅਤੇ ਨੇਪਾਲ ਵਿਚਾਲੇ ਦੁਵੱਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਨੇਪਾਲ ਦੇ ਪੰਜ ਰੋਜ਼ਾ ਦੌਰੇ ’ਤੇ ਗਏ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਮੁਲਾਕਾਤ ਕੀਤੀ। ਜਨਰਲ ਮਨੋਜ ਪਾਂਡੇ ਐਤਵਾਰ ਨੂੰ ਨੇਪਾਲ ਦੌਰੇ ’ਤੇ ਗਏ ਸਨ। ਨੇਪਾਲੀ ਸੈਨਾ ਨੇ ਟਵੀਟ ਕਰਦਿਆਂ ਕਿਹਾ, ‘‘ਭਾਰਤੀ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਮੁਲਾਕਾਤ ਕੀਤੀ।’’ ਇਸ ਤੋਂ ਪਹਿਲਾਂ ਅੱਜ ਸਵੇਰੇ ਜਨਰਲ ਮਨੋਜ ਪਾਂਡੇ ਨੇ ਆਰਮੀ ਕਮਾਂਡ ਐਂਡ ਸਟਾਫ ਕਾਲਜ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਤੇ ਸਟਾਫ ਨਾਲ ਗੱਲਬਾਤ ਕੀਤੀ। ਭਾਰਤੀ ਸੈਨਾ ਨੇ ਇੱਕ ਟਵੀਟ ਵਿੱਚ ਕਿਹਾ, ‘‘ਜਨਰਲ ਮਨੋਜ ਪਾਂਡੇ ਨੇ ਨੇਪਾਲ ਦੇ ਸ਼ਿਵਪੁਰ ਸਥਿਤ ਆਰਮੀ ਕਮਾਂਡ ਐਂਡ ਸਟਾਫ ਕਾਲਜ ਦਾ ਦੌਰਾ ਕੀਤਾ ਅਤੇ ‘ਭਾਰਤ ਦੇ ਸੁਰੱਖਿਆ ਦ੍ਰਿਸ਼ਟੀਕੋਣ’ ਤਹਿਤ ਵਿਦਿਆਰਥੀਆਂ, ਅਧਿਕਾਰੀਆਂ ਅਤੇ ਸਟਾਫ ਨੂੰ ਸੰਬੋਧਨ ਕੀਤਾ। ਥਲ ਸੈਨਾ ਮੁਖੀ ਨੇ ਦੋਵਾਂ ਦੇਸ਼ਾਂ ਦੀ ਫ਼ੌਜੀ ਯੋਗਤਾ ਅਤੇ ਸਮਰੱਥਾ ਦੇ ਲਿਹਾਜ਼ ਨਾਲ ਆਪਸੀ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।’’ ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਸੋਮਵਾਰ ਨੂੰ ਜਨਰਲ ਮਨੋਜ ਪਾਂਡੇ ਦਾ ਨੇਪਾਲੀ ਸੈਨਾ ਦੇ ਜਨਰਲ ਦੀ ਉਪਾਧੀ ਨਾਲ ਸਨਮਾਨ ਕੀਤਾ ਸੀ। ਨੇਪਾਲੀ ਸੈਨਾ ਨੇ ਟਵੀਟ ਕਰਦਿਆਂ ਕਿਹਾ, ‘‘ਜਨਰਲ ਮਨੋਜ ਪਾਂਡੇ ਦੇ ਸਨਮਾਨ ਵਿੱਚ ਜਨਰਲ ਪ੍ਰਭੂੁ ਰਾਮ ਸ਼ਰਮਾ ਅਤੇ ਸ੍ਰੀਮਤੀ ਸੁਨੀਤਾ ਸ਼ਰਮਾ ਨੇ ਨੇਪਾਲ ਦੇ ਆਰਮੀ ਹੈੱਡਕੁਆਰਟਰ ਵਿੱਚ ਦਾਅਵਤ ਦਿੱਤੀ।’’ ਜਨਰਲ ਮਨੋਜ ਪਾਂਡੇ 8 ਸਤੰਬਰ ਨੂੰ ਕਾਠਮੰਡੂ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਗੇ। -ਪੀਟੀਆਈ