ਕੋਲੰਬੋ, 22 ਅਪਰੈਲ
ਸ੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਇੱਥੇ ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਉੱਚ ਅਹੁਦੇਦਾਰਾਂ ਦੀ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਨਾਲ ਚਰਚਾ ਕੀਤੀ ਕਿ ਇਸ ਟਾਪੂਨੁਮਾ ਮੁਲਕ ’ਚ ਰਾਮਾਇਣ ਨਾਲ ਸਬੰਧਤ ਸਥਾਨਾਂ ਦੇ ਵਿਕਾਸ ’ਚ ਭਾਰਤ ਕਿਵੇਂ ਸਹਾਇਤਾ ਕਰ ਸਕਦਾ ਹੈ। ਝਾਅ ਨੇ ਐਤਵਾਰ ਨੂੰ ਇੱਥੇ ਇੰਡੀਆ ਹਾਊਸ ਵਿੱਚ ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਰਾਮਾਇਣ ਪੁਰਾਤਨ ਭਾਰਤ ਦਾ ਸੰਸਕ੍ਰਿਤ ਦਾ ਇੱਕ ਵੱਡਾ ਮਹਾਂਕਾਵਿ ਹੈ ਅਤੇ ਸ੍ਰੀਲੰਕਾ ਵਿੱਚ ਰਾਮਾਇਣ ਨਾਲ ਸਬੰਧਤ 52 ਸਥਾਨ ਹਨ।
ਸ੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨਰ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਹਾਈ ਕਮਿਸ਼ਨਰ ਝਾਅ ਨੇ ਰਾਮ ਮੰਦਰ ਦੀ ਉਸਾਰੀ ਦੀ ਜ਼ਿੰਮੇਵਾਰੀ ਨਿਭਾਅ ਰਹੇ ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਇੱਥੇ ਇੰਡੀਆ ਹਾਊਸ ਵਿੱਚ ਮੁਲਾਕਾਤ ਕੀਤੀ। ਇਸ ਵਿੱਚ ਕਿਹਾ ਗਿਆ, ‘‘ਮੁਲਾਕਾਤ ਦੌਰਾਨ ਉਨ੍ਹਾਂ ਤਰੀਕਿਆਂ ’ਤੇ ਚਰਚਾ ਕੀਤੀ ਜਿਨ੍ਹਾਂ ਰਾਹੀਂ ਭਾਰਤ ਸ੍ਰੀਲੰਕਾ ਵਿੱਚ ਰਾਮਾਇਣ ਨਾਲ ਸਬੰਧਤ ਥਾਵਾਂ ਦੇ ਵਿਕਾਸ ’ਚ ਸਮਰਥਨ ਦੇ ਸਕਦਾ ਹੈ ਅਤੇ ਲੋਕਾਂ ਦੇ ਆਪਸੀ ਸੰਪਰਕ (ਪੀ2ਪੀ) ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰ ਸਕਦਾ ਹੈ।’’ ਹਾਈ ਕਮਿਸ਼ਨਰ ਝਾਅ ਨੇ ਸਵਾਮੀ ਰਾਮ ਗੋਵਿੰਦ ਦੇਵ ਗਿਰੀ ਮਹਾਰਾਜ ਦੀ ਹਮਾਇਤ ਵਾਲੇ ਰਾਮਾਇਣ ਨਾਲ ਜੁੜੇ ਸਥਾਨਾਂ ਬਾਰੇ ਪ੍ਰਾਜੈਕਟ ਦੇ ਉਦਘਾਟਨੀ ਸਮਾਗਮ ’ਚ ਸ਼ਿਰਕਤ ਵੀ ਕੀਤੀ। -ਪੀਟੀਆਈ