ਵਾਸ਼ਿੰਗਟਨ, 14 ਜਨਵਰੀ
ਪਿਛਲੇ ਹਫ਼ਤੇ ਅਮਰੀਕੀ ਸੰਸਦ ਕੈਪੀਟਲ ਹਿੱਲ ’ਤੇ ਦੰਗੇ ਭੜਕਾਉਣ ਦੇ ਦੋਸ਼ਾਂ ਹੇਠ ਪ੍ਰਤੀਨਿਧ ਸਭਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਦੂਜੀ ਵਾਰ ਇਤਿਹਾਸਕ ਮਹਾਦੋਸ਼ ਚਲਾਉਣ ਦਾ ਮਤਾ ਪਾਸ ਕਰ ਦਿੱਤਾ ਹੈ। ਹੁਣ ਇਹ ਮਤਾ ਸੈਨੇਟ ’ਚ ਪੇਸ਼ ਕੀਤਾ ਜਾਵੇਗਾ ਜਿਥੇ ਟਰੰਪ ਨੂੰ ਗੱਦੀਓਂ ਉਤਾਰਨ ਲਈ ਬਹਿਸ ਮਗਰੋਂ ਵੋਟਿੰਗ ਹੋ ਸਕਦੀ ਹੈ। ਸੈਨੇਟ 19 ਜਨਵਰੀ ਤੱਕ ਮੁਲਤਵੀ ਹੈ ਅਤੇ ਇਕ ਦਿਨ ਬਾਅਦ ਹੀ ਜੋਅ ਬਾਇਡਨ ਨੇ ਮੁਲਕ ਦੇ ਨਵੇਂ ਸਦਰ ਵਜੋਂ ਹਲਫ਼ ਲੈਣਾ ਹੈ। ਬਾਇਡਨ ਨੇ ਆਸ ਜਤਾਈ ਹੈ ਕਿ ਸੈਨੇਟ ਹੋਰ ਅਹਿਮ ਮੁੱਦਿਆਂ ’ਤੇ ਵਿਚਾਰ ਕਰਦਿਆਂ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਨੂੰ ਚਲਾਵੇਗੀ। ਉਨ੍ਹਾਂ ਕਿਹਾ ਕਿ ਪ੍ਰਤੀਨਿਧ ਸਭਾ ਦੇ ਮੈਂਬਰਾਂ ਨੇ ਅਮਰੀਕੀ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਹਾਦੋਸ਼ ਦੇ ਪੱਖ ’ਚ ਵੋਟ ਦਿੱਤੇ ਤਾਂ ਜੋ ਰਾਸ਼ਟਰਪਤੀ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਮੁਲਕ ਖ਼ਿਲਾਫ਼ ਦੇਸ਼ਧ੍ਰੋਹ ਅਤੇ ਹਥਿਆਰਬੰਦ ਬਗ਼ਾਵਤ ਨੂੰ ਭੜਕਾਇਆ ਅਤੇ ਉਸ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਸੈਨੇਟ ਵੱਲੋਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਵਿਅਕਤੀ ਤੋਂ ਗਣਰਾਜ ਸੁਰੱਖਿਅਤ ਰਹੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪ੍ਰਤੀਨਿਧ ਸਭਾ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਮਤਾ 197 ਦੇ ਮੁਕਾਬਲੇ 232 ਵੋਟਾਂ ਨਾਲ ਪਾਸ ਕਰ ਦਿੱਤਾ ਸੀ।
-ਪੀਟੀਆਈ
ਡੋਨਲਡ ਟਰੰਪ ਵੱਲੋਂ ਹਿੰਸਾ ਦੀ ਨਿਖੇਧੀ
ਵਾਸ਼ਿੰਗਟਨ: ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਪੀਟਲ ਹਿੱਲ (ਸੰਸਦ ਭਵਨ) ’ਤੇ ਪਿਛਲੇ ਹਫ਼ਤੇ ਹੋਏ ਹਮਲੇ ਦੀ ਵੀਰਵਾਰ ਨੂੰ ਸਪੱਸ਼ਟ ਤੌਰ ’ਤੇ ਨਿੰਦਾ ਕਰਦਿਆਂ ਕਿਹਾ ਹੈ ਕਿ ਅਜਿਹੀ ਹਿੰਸਾ ਲਈ ਕੋਈ ਬਹਾਨਾ ਨਹੀਂ ਘੜਿਆ ਜਾ ਸਕਦਾ ਹੈ। ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ’ਚ ਰਿਕਾਰਡ ਕੀਤੇ ਗਏ ਵੀਡੀਓ ’ਚ ਟਰੰਪ ਨੇ ਕਿਹਾ ਕਿ ਹਿੰਸਾ ਅਤੇ ਭੰਨ-ਤੋੜ ਲਈ ਮੁਲਕ ’ਚ ਕੋਈ ਥਾਂ ਨਹੀਂ ਹੈ। ਆਉਂਦੇ ਦਿਨਾਂ ’ਚ ਹੋਰ ਪ੍ਰਦਰਸ਼ਨ ਹੋਣ ਦੀਆਂ ਰਿਪੋਰਟਾਂ ਬਾਰੇ ਟਰੰਪ ਨੇ ਕਿਹਾ ਕਿ ਹਰ ਅਮਰੀਕੀ ਦੀ ਆਵਾਜ਼ ਨੂੰ ਸੁਣਿਆ ਜਾਣਾ ਚਾਹੀਦਾ ਹੈ ਪਰ ਵਿਰੋਧ ਹਿੰਸਕ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਡੀਸੀ ’ਚ ਅਮਨੋ-ਅਮਾਨ ਬਹਾਲ ਰੱਖਣ ਲਈ ਉਨ੍ਹਾਂ ਫੈਡਰਲ ਏਜੰਸੀਆਂ ਨੂੰ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
-ਪੀਟੀਆਈ