ਕੋਲੰਬੋ, 28 ਜੁਲਾਈ
ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਏਜੰਡਾ ਦੇਸ਼ ਦੀ ਅਰਥ-ਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣਾ ਅਤੇ ਤੇਲ ਦੀ ਘਾਟ ਨੂੰ ਖ਼ਤਮ ਕਰਨਾ ਹੈ। ਸ੍ਰੀਲੰਕਾ ਵਿੱਚ ਆਖ਼ਰੀ ਵਾਰ ਤੇਲ ਦੀ ਖੇਪ ਭਾਰਤ ਨੇ ਜੂਨ ਮਹੀਨੇ ਭੇਜੀ ਸੀ, ਜਿਸ ਮਗਰੋਂ ਦੇਸ਼ ਵਿੱਚ ਤੇਲ ਸੰਕਟ ਹੋਰ ਡੂੰਘਾ ਹੋ ਗਿਆ ਹੈ।
ਪਾਰਟੀ ਹੈੱਡਕੁਆਰਟਰ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਾਂਤਮਈ ਪ੍ਰਦਰਸ਼ਨਾਂ ਦੇ ਖ਼ਿਲਾਫ਼ ਨਹੀਂ ਹੈ ਅਤੇ ਜੇਕਰ ਪ੍ਰਦਰਸ਼ਨਕਾਰੀ ਕਾਨੂੰਨ ਨਹੀਂ ਤੋੜਦੇ ਤਾਂ ਉਨ੍ਹਾਂ ਨੂੰ ਆਪਣਾ ਰੋਸ ਜਤਾਉਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ, ‘‘ਮੈਂ ਉਦੋਂ ਰਾਸ਼ਟਰਪਤੀ ਬਣਿਆ ਹਾਂ ਜਦੋਂ ਦੇਸ਼ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਅਸੀਂ ਆਪਣੀ ਅਰਥ-ਵਿਵਸਥਾ ਨੂੰ ਲੀਹ ’ਤੇ ਲਿਆਉਣਾ ਹੈ।’’
ਵਿਕਰਮਸਿੰਘੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਕੰਮ ਤੇਲ ਲੈਣ ਲਈ ਲੱਗਣ ਵਾਲੀਆਂ ਲਾਈਨਾਂ ਨੂੰ ਘੱਟ ਕਰਨਾ ਅਤੇ ਫਿਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਜ਼ਿਕਰਯੋਗ ਹੈ ਕਿ 27 ਜੂਨ ਤੋਂ ਸਰਕਾਰ ਨੇ ਤੇਲ ਦੀ ਸਪਲਾਈ ਬੰਦ ਕਰਕੇ ਇਸ ਨੂੰ ਜ਼ਰੂਰੀ ਸੇਵਾਵਾਂ ਲਈ ਸੀਮਿਤ ਕਰ ਦਿੱਤਾ ਸੀ।
ਸ੍ਰੀਲੰਕਾ ਦੇ ਊਰਜਾ ਮੰਤਰੀ ਕੰਚਨਾ ਵਿਜੇਸੇਕਰਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਸ੍ਰੀਲੰਕਾ ਅਗਲੇ 12 ਮਹੀਨਿਆਂ ਤੱਕ ਤੇਲ ਦਰਾਮਦ ਨੂੰ ਸੀਮਿਤ ਰੱਖੇਗਾ ਕਿਉਂਕਿ ਦੇਸ਼ ਵਿੱਚ ਵਿਦੇਸ਼ੀ ਮੁਦਰਾ ਦੀ ਭਾਰੀ ਘਾਟ ਹੈ। ਉਨ੍ਹਾਂ ਪੂਰੇ ਦੇਸ਼ ਵਿੱਚ ਤੇਲ ਲਈ ਰਾਸ਼ਨ ਵਿਵਸਥਾ ਵੀ ਲਾਗੂ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ, ‘‘ਤੇਲ ਦੀ ਰੋਜ਼ਾਨਾ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਇਸ ਲਈ ਕਿਊਆਰ (ਕੋਡ) ਪ੍ਰਣਾਲੀ ਲਾਗੂ ਕੀਤੀ ਗਈ ਹੈ। ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਤੇਲ ਦਰਾਮਦਗੀ ’ਤੇ ਅਗਲੇ 12 ਮਹੀਨਿਆਂ ਤੱਕ ਪਾਬੰਦੀ ਰਹੇਗੀ।’’ -ਪੀਟੀਆਈ
ਪੁਲੀਸ ਨੂੰ ਰਾਸ਼ਟਰਪਤੀ ਭਵਨ ’ਚੋਂ ਮਿਲੇ 1.78 ਕਰੋੜ ਰੁਪਏ ਪੇਸ਼ ਕਰਨ ਦਾ ਹੁਕਮ
ਕੋਲੰਬੋ: ਸ੍ਰੀਲੰਕਾ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਮਿਲੇ 1.78 ਕਰੋੜ ਰੁਪਏ ਦੀ ਨਕਦੀ ਤੁਰੰਤ ਪੇਸ਼ ਕਰੇ। ਪੁਲੀਸ ਵੱਲੋਂ ਅਦਾਲਤ ਨੂੰ ਇਹ ਜਾਣਕਾਰੀ ਦਿੱਤੇ ਜਾਣ ਕਿ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ਵਿਚੋਂ ਮਿਲੀ ਨਕਦੀ 9 ਜੁਲਾਈ ਨੂੰ ਪੁਲੀਸ ਨੂੰ ਸੌਂਪ ਦਿੱਤੀ ਸੀ, ਫੋਰਟ ਮੇੈਜਿਸਟਰੇਟ ਅਦਾਲਤ ਨੇ ਫੋਰਟ ਪੁਲੀਸ ਇੰਚਾਰਜ ਨੂੰ ਇਹ ਹੁਕਮ ਦਿੱਤਾ। ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਪ੍ਰਦਰਸ਼ਨਕਾਰੀਆਂ ਦੇ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋਣ ਤੇ ਉਸ ’ਤੇ ਕਬਜ਼ਾ ਕਰਨ ਤੋਂ ਪਹਿਲਾਂ ਹੀ ਉਸ ਨੂੰ ਛੱਡ ਦਿੱਤਾ ਸੀ। ਡੇਲੀ ਮਿਰਰ ਅਖਬਾਰ ਨੇ ਫੋਰਟ ਮੈਜਿਸਟਰੇਟ ਥੀਲੀਨਾ ਗਾਮੇਜ ਦੇ ਹਵਾਲੇ ਨਾਲ ਕਿਹਾ ਕਿ ਇਹ ਹੁਕਮ ਇਸ ਲਈ ਆਇਆ ਹੈ ਕਿਉਂਕਿ 1.78 ਕਰੋੜ ਰੁਪਏ ਪੁਲੀਸ ਨੂੰ ਸੌਂਪੇ ਜਾਣ ਦੇ ਤਿੰਨ ਹਫ਼ਤਿਆਂ ਬਾਅਦ ਵੀ ਅਦਾਲਤ ਨੂੰ ਪੈਸੇ ਬਾਰੇ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ। ਗਾਮੇਜ ਨੇ ਪੁਲੀਸ ਨੂੰ ਬਰਾਮਦ ਕੀਤੇ ਪੈਸਿਆਂ ਬਾਰੇ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਹਨ। -ਏਜੰਸੀ