ਲੰਡਨ, 13 ਦਸੰਬਰ
ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੱਲੋਂ ਮੁਲਕ ਵਿੱਚ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਨਾਲ ਪਹਿਲੀ ਮੌਤ ਹੋਣ ਦੀ ਪੁਸ਼ਟੀ ਕੀਤੇ ਜਾਣ ਮਗਰੋਂ ਵੈਕਸੀਨ ਦੀ ਬੂਸਟਰ ਖੁਰਾਕ ਲਈ ਯੂਕੇ ਦੇ ਵਾਕ-ਇਨ ਟੀਕਾਕਰਨ ਕੇਂਦਰਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਜੌਹਨਸਨ ਨੇ ਪੱਛਮੀ ਲੰਡਨ ਦੇ ਇਕ ਵੈਕਸੀਨ ਕਲੀਨਿਕ ਦੀ ਫੇਰੀ ਦੌਰਾਨ ਕੋਵਿਡ-19 ਦੇ ਨਵੇਂ ਸਰੂਪ ਖਿਲਾਫ਼ ਕਿਸੇ ਤਰ੍ਹਾਂ ਦੀ ਢਿੱਲ ਵਰਤਣ ਜਾਂ ਅਵੇਸਲੇ ਹੋਣ ਖ਼ਿਲਾਫ਼ ਚੇਤਾਵਨੀ ਦਿੱਤੀ ਹੈ, ਪਰ ਉਨ੍ਹਾਂ ਹੋਰ ਪਾਬੰਦੀਆਂ ਲਾਉਣ ਤੋਂ ਸਪਸ਼ਟ ਨਾਂਹ ਕਰ ਦਿੱਤੀ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਹਨਸਨ ਨੇ ਕਿਹਾ, ‘‘ਹਾਂ, ਓਮੀਕਰੋਨ ਕਰਕੇ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਹੋਣਾ ਪੈ ਰਿਹੈ ਤੇ ਬੜੇ ਦੁਖ ਦੀ ਗੱਲ ਹੈ ਕਿ ਇਕ ਮਰੀਜ਼ ਓਮੀਕਰੋਨ ਕਰਕੇ ਮੌਤ ਦੇ ਮੂੰਹ ਪੈ ਗਿਆ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਵਾਇਰਸ ਦਾ ਭਾਵੇਂ ਇਹ ਹਲਕਾ ਸਰੂਪ ਹੈ, ਪਰ ਮੇਰਾ ਮੰਨਣਾ ਹੈ ਕਿ ਸਾਨੂੰ ਇਸ ਤੱਥ ਨੂੰ ਇਕ ਪਾਸੇ ਰੱਖਣ ਦੀ ਲੋੜ ਹੈ ਤੇ ਬੱਸ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ (ਵਾਇਰਸ ਦਾ ਨਵਾਂ ਸਰੂਪ) ਕਿੰਨੀ ਤੇਜ਼ੀ ਨਾਲ ਆਬਾਦੀ ਵਿੱਚ ਫੈਲ ਰਿਹਾ ਹੈ। ਸੋ ਚੰਗਾ ਹੋਵੇ ਜੇਕਰ ਅਸੀਂ ਆਪੋ ਆਪਣੀਆਂ ਬੂਸਟਰ ਖੁਰਾਕਾਂ ਲੈ ਲਈਏ।’’ -ਪੀਟੀਆਈ
ਆਸਟਰੇਲੀਆ ਵਿੱਚ ਕਰੋਨਾ ਪਾਬੰਦੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
ਬ੍ਰਿਸਬਨ (ਹਰਜੀਤ ਲਸਾੜਾ): ਆਸਟਰੇਲੀਆ ਵਿੱਚ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਵੈਕਸੀਨ ਲਾਉਣ ਅਤੇ ਕਰੋਨਾ ਪਾਬੰਦੀਆਂ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਪ੍ਰਮੁੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ। ਕੁਈਨਜ਼ਲੈਂਡ ਸੂਬੇ ਵਿੱਚ ਸਰਹੱਦ ਖੁੱਲ੍ਹਣ ਤੋਂ ਪਹਿਲਾਂ ਨਿਊ ਸਾਊਥ ਵੇਲਜ਼ ਦੀ ਸਰਹੱਦ ਨੇੜੇ ਗੋਲਡ ਕੋਸਟ ਦੇ ਕੂਲਨਗਾਟਾ ਵਿੱਚ ਹਜ਼ਾਰਾਂ ਲੋਕ ਇਕੱਤਰ ਹੋਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਕਰੋਨਾ ਰੋਕੂ ਟੀਕਿਆਂ, ਲੌਕਡਾਊਨ ਅਤੇ ਮਾਸਕ ਦਾ ਵਿਰੋਧ ਕਰਨ ਲਈ ਤਖ਼ਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ 5 ਤੋਂ 11 ਸਾਲ ਦੇ ਬੱਚਿਆਂ ਲਈ ਸੰਭਾਵੀ ਕੋਵਿਡ-19 ਵੈਕਸੀਨ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦੀ ਖੁਦਮੁਖਤਿਆਰੀ ਨਾਲ ਸਰਕਾਰੀ ਧੱਕਾ ਹੈ। ਦੱਸਣਯੋਗ ਹੈ ਕਿ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਅਤੇ ਆਸਟਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ ਦੀ ਮਨਜ਼ੂਰੀ ਮਗਰੋਂ ਦੇਸ਼ ਵਿੱਚ ਕੋਵਿਡ-19 ਵੈਕਸੀਨ ਲਾਉਣ ਦੀ ਸ਼ੁਰੂਆਤ 10 ਜਨਵਰੀ ਤੋਂ ਹੋ ਰਹੀ ਹੈ।