ਬਰਲਿਨ, 24 ਨਵੰਬਰ
ਜਰਮਨੀ ਵਿਚ ਅਗਲੀ ਸਰਕਾਰ ਬਣਾਉਣ ਲਈ ਸੰਵਾਦ ਕਰ ਰਹੀਆਂ ਤਿੰਨ ਧਿਰਾਂ ਨੇ ਅੱਜ ਗੱਠਜੋੜ ਬਾਰੇ ਆਪਣਾ ਸਮਝੌਤੇ ਨੂੰ ਆਖ਼ਰੀ ਛੋਹਾਂ ਦੇ ਕੇ ਪੇਸ਼ ਕਰ ਦਿੱਤਾ। ਗਰੀਨ ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰੀ-ਖੱਬੇ ਪੱਖੀ ਧਿਰ ਸੋਸ਼ਲ ਡੈਮੋਕ੍ਰੈਟ ਤੇ ਫਰੀ ਡੈਮੋਕ੍ਰੈਟ ਪਾਰਟੀ ਉਨ੍ਹਾਂ ਨਾਲ 26 ਸਤੰਬਰ ਤੋਂ ਵਿਚਾਰ-ਚਰਚਾ ਕਰ ਰਹੀ ਸੀ। ਸੋਸ਼ਲ ਡੈਮੋਕ੍ਰੈਟਾਂ ਨੇ ਹਲਕੇ ਫ਼ਰਕ ਨਾਲ ਚੋਣ ਜਿੱਤੀ ਸੀ। ਜੇਕਰ ਇਸ ਸਮਝੌਤੇ ਨੂੰ ਆਉਣ ਵਾਲੇ ਹਫ਼ਤਿਆਂ ਵਿਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਤਿੰਨ ਧਿਰੀ ਗੱਠਜੋੜ ਮੌਜੂਦਾ ਮਹਾਗੱਠਜੋੜ ਦੀ ਥਾਂ ਲੈ ਲਏਗਾ ਜਿਸ ਵਿਚ ਸੋਸ਼ਲ ਡੈਮੋਕ੍ਰੈਟ ਤੇ ਚਾਂਸਲਰ ਏਂਜਲਾ ਮਰਕਲ ਦੀ ਕ੍ਰਿਸਚੀਅਨ ਡੈਮੋਕ੍ਰੈਟ ਪਾਰਟੀ ਹੈ। ਮਰਕਲ ਦੀ ਥਾਂ ਵਿੱਤ ਮੰਤਰੀ ਓਲਫ਼ ਸ਼ੋਲਜ਼ (ਸੋਸ਼ਲ ਡੈਮੋਕ੍ਰੈਟ) ਲੈ ਸਕਦੇ ਹਨ। ਤਿੰੰਨ ਧਿਰਾਂ ਦੇ ਗੱਠਜੋੜ ਲਈ ਹੋਈ ਗੱਲਬਾਤ ਸੁਖਾਵੇਂ ਮਾਹੌਲ ਵਿਚ ਤੇਜ਼ੀ ਨਾਲ ਅੱਗੇ ਵਧੀ ਹੈ ਜਦਕਿ ਇਸ ਤੋਂ ਪਹਿਲਾਂ ਬਣੀ ਸਰਕਾਰ ਦੇ ਗੱਠਜੋੜ ਲਈ ਗੱਲਬਾਤ ਲੰਮਾ ਸਮਾਂ ਚੱਲੀ ਸੀ। ਦੱਸਣਯੋਗ ਹੈ ਇਸ ਸਿਆਸੀ ਬਦਲਾਅ ਦੌਰਾਨ ਮਰਕਲ ਕਾਰਜਕਾਰੀ ਚਾਂਸਲਰ ਰਹੀ ਹੈ ਤੇ ਇਸ ਨੇ ਜਰਮਨੀ ਦੀ ਕਰੋਨਾਵਾਇਰਸ ਨਾਲ ਨਜਿੱਠਣ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ। ਬੰਦ ਦਰਵਾਜ਼ਾ ਮੀਟਿੰਗ ਵਿਚ ਬਣੀ ਸਹਿਮਤੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੰਤਰਾਲਿਆਂ ਦੀ ਵੰਡ ਬਾਰੇ ਸਹਿਮਤੀ ਬਣਾਈ ਜਾਣੀ ਸੀ। ਪਿਛਲੇ ਮਹੀਨੇ ਇਕ ਸਮਝੌਤੇ ਤੋਂ ਸੰਕੇਤ ਮਿਲੇ ਸਨ ਕਿ ਜਰਮਨੀ ਕੋਲੇ ਤੋਂ ਬਣ ਰਹੀ ਊਰਜਾ ਦੀ ਵਰਤੋਂ 2030 ਤੱਕ ਬੰਦ ਕਰ ਦੇਵੇਗਾ। ਜਦਕਿ ਇਸ ਤੋਂ ਪਹਿਲਾਂ ਇਹ ਸਮਾਂ-ਸੀਮਾ 2038 ਮਿੱਥੀ ਗਈ ਸੀ। ਫਰੀ ਡੈਮੋਕ੍ਰੈਟਾਂ ਵੱਲੋਂ ਜ਼ੋਰ ਪਾਉਣ ’ਤੇ ਭਾਈਵਾਲਾਂ ਨੇ ਕਿਹਾ ਕਿ ਉਹ ਟੈਕਸ ਨਹੀਂ ਵਧਾਉਣਗੇ ਤੇ ਨਾ ਹੀ ਵਧ ਰਹੇ ਕਰਜ਼ੇ ਬਾਰੇ ਕੋਈ ਢਿੱਲ ਵਰਤਣਗੇ, ਵਿੱਤ ਨੂੰ ਕੇਂਦਰੀ ਮੁੱਦਾ ਬਣਾਇਆ ਜਾਵੇਗਾ। ਦੂਜੇ ਪਾਸੇ ਮਰਕਲ ਦੀ ਕ੍ਰਿਸਚੀਅਨ ਡੈਮੋਕ੍ਰੈਟ ਪਾਰਟੀ ਹਾਲੇ ਲੀਡਰਸ਼ਿਪ ਦੇ ਮੁੱਦੇ ਵਿਚ ਉਲਝੀ ਹੋਈ ਹੈ। ਪਾਰਟੀ ਨੂੰ ਚੋਣਾਂ ਵਿਚ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਮਿਲੀ ਹੈ। -ਏਪੀ