ਲੰਡਨ, 18 ਸਤੰਬਰ
ਮੁੱਖ ਅੰਸ਼
- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਿੱਤੀ ਸ਼ਰਧਾਂਜਲੀ
- ਸੇਂਟ ਜੌਰਜ ਚੈਪਲ ’ਚ ਕੀਤਾ ਜਾਵੇਗਾ ਸਪੁਰਦ-ਏ-ਖਾਕ
ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈੱਥ-2 ਨੂੰ ਭਲਕੇ ਅੰਤਿਮ ਵਿਦਾਇਗੀ ਦੇਣ ਲਈ ਦੁਨੀਆ ਭਰ ਦੇ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਸਣੇ ਕਰੀਬ 500 ਵਿਸ਼ਵ ਆਗੂ ਲੰਡਨ ਪਹੁੰਚ ਗਏ ਹਨ। ਮਹਾਰਾਣੀ ਨੂੰ ਅੰਤਿਮ ਵਿਦਾਇਗੀ ਸੋਮਵਾਰ ਨੂੰ ਵੈਸਟਮਿੰਸਟਰ ਐਬੇ ਵਿੱਚ ਦਿੱਤੀ ਜਾਵੇਗੀ, ਜਿਸ ਵਿੱਚ ਕਰੀਬ ਦੋ ਹਜ਼ਾਰ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੋਗ ਸਮਾਰੋਹ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਇਕ ਘੰਟੇ ਬਾਅਦ ਪੂਰੇ ਦੇਸ਼ ਵਿੱਚ ਦੋ ਮਿੰਟ ਦੇ ਮੌਨ ਤੋਂ ਬਾਅਦ ਇਸ ਦੀ ਸਮਾਪਤੀ ਹੋਵੇਗੀ। ਬ੍ਰਿਟੇਨ ’ਚ 57 ਵਰ੍ਹਿਆਂ ਬਾਅਦ ਸਰਕਾਰੀ ਸਨਮਾਨਾਂ ਨਾਲ ਵਿੰਡਸਰ ’ਚ ਸੇਂਟ ਜੌਰਜ ਚੈਪਲ ’ਚ ਇਕ ਨਿੱਜੀ ਪ੍ਰੋਗਰਾਮ ’ਚ ਮਹਾਰਾਣੀ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬ੍ਰਿਟੇਨ ’ਚ 1965 ’ਚ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਲੰਡਨ ਦੇ ਵੈਸਟਮਿੰਸਟਰ ਹਾਲ ’ਚ ਪਹੁੰਚ ਕੇ ਭਾਰਤ ਸਰਕਾਰ ਅਤੇ ਲੋਕਾਂ ਵੱਲੋਂ ਮਹਾਰਾਣੀ ਐਲਿਜ਼ਾਬੈੱਥ ਦੋਇਮ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਾਂਕਾਸਟਰ ਹਾਊਸ ’ਚ ਪੁਸਤਕ ’ਤੇ ਸੋਗ ਸੁਨੇਹੇ ’ਤੇ ਦਸਤਖ਼ਤ ਵੀ ਕੀਤੇ। ਸੋਮਵਾਰ ਨੂੰ ਅੰਤਿਮ ਰਸਮਾਂ ਤੋਂ ਪਹਿਲਾਂ ਰਾਸ਼ਟਰਪਤੀ ਸਮੇਤ ਹੋਰ ਮੁਲਕਾਂ ਦੇ ਮੁਖੀਆਂ ਅਤੇ ਮਹਿਮਾਨਾਂ ਨੂੰ ਬਕਿੰਘਮ ਪੈਲੇਸ ’ਚ ਰਾਜਾ ਚਾਰਲਸ ਵੱਲੋਂ ਇਕ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੀ ਲੰਡਨ ਪਹੁੰਚ ਗਏ ਹਨ। ਡੀਨ ਆਫ਼ ਵੈਸਟਮਿੰਸਟਰ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਪ੍ਰਧਾਨ ਮੰਤਰੀ ਲਿਜ਼ ਟਰੱਸ ਅਤੇ ਰਾਸ਼ਟਰਮੰਡਲ ਦੇ ਸਕੱਤਰ ਜਨਰਲ ਪੈਟਰਿਸ਼ਿਆ ਸਕੌਟਲੈਂਡ ਨਾਲ ਕਰਨਗੇ। -ਪੀਟੀਆਈ
ਅੰਤਿਮ ਰਸਮਾਂ ਦੇ ਪ੍ਰਸਾਰਣ ਲਈ ਸੈਂਕੜੇ ਵੱਡੀਆਂ ਸਕਰੀਨਾਂ ਲਗਾਈਆਂ
ਲੰਡਨ: ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀਆਂ ਅੰਤਿਮ ਰਸਮਾਂ ਦੇ ਪ੍ਰਸਾਰਣ ਲਈ ਇੰਗਲੈਂਡ ’ਚ ਕਈ ਥਾਵਾਂ ’ਤੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ। ਮਹਾਰਾਣੀ ਦੇ ਅੰਤਿਮ ਦਰਸ਼ਨਾਂ ਲਈ ਐਤਵਾਰ ਨੂੰ ਵੀ ਵੱਡੀਆਂ ਕਤਾਰਾਂ ਲੱਗੀਆਂ ਰਹੀਆਂ। ਲੋਕ ਸੋਮਵਾਰ ਸਵੇਰੇ ਸਾਢੇ 6 ਵਜੇ ਤੱਕ ਦਰਸ਼ਨ ਕਰ ਸਕਣਗੇ।