ਕਾਠਮੰਡੂ, 6 ਜੁਲਾਈ
ਮੋਰਚਾਬੰਦੀ ਕਰਕੇ ਚਹੁੰ ਪਾਸਿਓਂ ਘਿਰੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਦੇ ਸਿਆਸੀ ਭਵਿੱਖ ਬਾਰੇ ਫੈਸਲਾ ਹੁਣ ਬੁੱਧਵਾਰ ਨੂੰ ਹੋਵੇਗਾ। ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਅਹਿਮ ਮੀਟਿੰਗ ਅੱਜ ਤੀਜੀ ਵਾਰ ਅੱਗੇ ਪੈ ਗਈ। ਮੀਟਿੰਗ ਅਜਿਹੇ ਮੌਕੇ ਮੁਲਤਵੀ ਹੋਈ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਨੇਪਾਲ ਵਿੱਚ ਚੀਨ ਦੇ ਰਾਜਦੂਤ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਨੇਪਾਲੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨਾਲ ਵੱਖੋ-ਵੱਖਰੀਆਂ ਮੁਲਾਕਾਤਾਂ ਕੀਤੀਆਂ ਸਨ। ਓਲੀ ਦੇ ਕੰਮਕਾਜ ਕਰਨ ਦੇ ਢੰਗ ਤਰੀਕੇ ਤੇ ਭਾਰਤ ਵਿਰੋਧੀ ਬਿਆਨਾਂ ਕਰਕੇ ਪਾਰਟੀ ਸਫ਼ਾਂ ਅੰਦਰ ਊਨ੍ਹਾਂ ਦੇ ਅਸਤੀਫ਼ੇ ਦੀ ਮੰਗ ਜ਼ੋਰ ਫੜਨ ਲੱਗੀ ਹੈ। ਨੇਪਾਲ ਦੀ ਕਮਿਊਨਿਸਟ ਪਾਰਟੀ ਦੀ ਸਭ ਤੋਂ ਤਾਕਤਵਾਰ 45 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਹੋਣੀ ਸੀ, ਪਰ ਐਨ ਆਖਰੀ ਮੌਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਦੇ ਪ੍ਰੈੱਸ ਸਲਾਹਕਾਰ ਸੂਰਿਆ ਥਾਪਾ ਨੇ ਕਿਹਾ ਕਿ ਮੀਟਿੰਗ ਨੂੰ ਬੁੱਧਵਾਰ ਤਕ ਲਈ ਅੱਗੇ ਪਾ ਦਿੱਤਾ ਹੈ। ਚੀਨ ਦੇ ਰਾਜਦੂਤ ਹਾਓ ਯਾਂਕੀ ਨੇ ਐਤਵਾਰ ਨੂੰ ਐੱਨਸੀਪੀ ਦੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇਪਾਲ ਨਾਲ ਮੁਲਾਕਾਤ ਕੀਤੀ ਸੀ। ਚੇਤੇ ਰਹੇ ਕਿ ਐੱਨਸੀਪੀ ਦੇ ਦੂਜੇ ਧੜੇ ਦੀ ਅਗਵਾਈ ਪੁਸ਼ਪ ਕਮਲ ਦਾਹਲ ਉਰਫ਼ ‘ਪ੍ਰਚੰਡ’ ਦੇ ਹੱਥ ਹੈ ਤੇ ਇਹ ਧੜਾ ਓਲੀ ਤੋਂ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ।
-ਪੀਟੀਆਈ