ਲੂਮਾਗੰਜ (ਇੰਡੋਨੇਸ਼ੀਆ), 5 ਦਸੰਬਰ
ਇੰਡੋਨੇਸ਼ੀਆ ਦੀ ਸੰਘਣੀ ਆਬਾਦੀ ਵਾਲੇ ਦੀਪ ਜਾਵਾ ਵਿਚ ਜਵਾਲਾਮੁਖੀ ਫਟਣ ਦੀ ਘਟਨਾ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ, ਜਦਕਿ ਨੌਂ ਲੋਕ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਲਗਦੇ ਹੋਏ ਮਲਬੇ ਕਰ ਕੇ ਲਾਪਤਾ ਲੋਕਾਂ ਦੀ ਭਾਲ ਕਰਨ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ। ਪੂਰਬੀ ਜਾਵਾ ਪ੍ਰਾਂਤ ਦੇ ਲੂਮਾਗੰਜ ਜ਼ਿਲ੍ਹੇ ਵਿਚ ਸੈਮੇਰੂ ਪਹਾੜ ਵਿਚ ਜਵਾਲਾਮੁਖੀ ਫਟਣ ’ਤੇ ਅਸਮਾਨ ਵਿਚ (12,000 ਮੀਟਰ) 40,000 ਫੁੱਟ ਦੀ ਉਚਾਈ ’ਤੇ ਰਾਖ ਦੀ ਮੋਟੀ ਪਰਤ ਵਿਛ ਗਈ ਅਤੇ ਗੈਸ ਤੇ ਲਾਵਾ ਵਗਦਾ ਹੋਇਆ ਹੇਠਲੀਆਂ ਥਾਵਾਂ ਤੱਕ ਪਹੁੰਚ ਗਿਆ। ਇਸ ਘਟਨਾ ਨਾਲ ਕਈ ਪਿੰਡ ਪ੍ਰਭਾਵਿਤ ਹੋਏ ਹਨ।ਜਿਓਲੌਜੀਕਲ ਸਰਵੇਖਣ ਕੇਂਦਰ ਦੇ ਮੁਖੀ ਈਕੋ ਬੁਡੀ ਲੈਲੋਨੋ ਨੇ ਦੱਸਿਆ ਕਿ ਤੂਫ਼ਾਨ ਤੇ ਕਈ ਦਿਨਾਂ ਤੱਕ ਮੀਂਹ ਪੈਣ ਕਾਰਨ 3676 ਮੀਟਰ ਦੀ ਉਚਾਈ ’ਤੇ ਪੈਂਦੇ ਸੈਮੇਰੂ ਪਹਾੜ ਉੱਤੇ ਜਵਾਲਾਮੁਖੀ ਫਟਿਆ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਦੋ ਵਾਰ ਗੈਸ ਤੇ ਲਾਵਾ ਵਗ ਕੇ 800 ਮੀਟਰ (2624 ਫੁੱਟ) ਦੂਰ ਨਦੀ ਤੱਕ ਪਹੁੰਚ ਗਿਆ। ਏਜੰਸੀ ਨੇ ਕਿਹਾ ਕਿ ਲੋਕਾਂ ਨੂੰ ਘਟਨਾ ਸਥਾਨ ਤੋਂ ਘੱਟੋ-ਘੱਟ ਪੰਜ ਕਿਲੋਮੀਟਰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਲੂਮਾਜਾਂਗ ਦੇ ਜ਼ਿਲ੍ਹਾ ਮੁਖੀ ਟੀ ਹੱਕ ਨੇ ਕਿਹਾ, ‘‘ਰਾਖ ਦੀ ਸੰਘਣੀ ਪਰਤ ਕਾਰਨ ਕਈ ਪਿੰਡਾਂ ਵਿਚ ਹਨੇਰਾ ਛਾ ਗਿਆ।’’ ਸੈਂਕੜੇ ਲੋਕਾਂ ਨੂੰ ਅਸਥਾਈ ਆਸਰਾ ਕੇਂਦਰਾਂ ਵਿਚ ਪਹੁੰਚਾਇਆ ਗਿਆ ਹੈ। -ਏਪੀ