ਵਾਸ਼ਿੰਗਟਨ, 19 ਜਨਵਰੀ
ਅਮਰੀਕਾ ਦੇ ਮਨੋਨੀਤ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਚੀਨ ਤੇ ਰੂਸ ਵੱਲੋਂ ਮਿਲ ਰਹੀ ਚੁਣੌਤੀ ਦੇ ਮੱਦੇਨਜ਼ਰ ਬਾਇਡਨ ਪ੍ਰਸ਼ਾਸਨ ‘ਜਿਵੇਂ ਦੇ ਹਾਲਾਤ ਸਨ’ ਦੀ ਥਾਂ ‘ਜਿਵੇ ਦੇ ਹਾਲਾਤ ਹਨ’ ਦੀ ਵਿਦੇਸ਼ ਨੀਤੀ ’ਤੇ ਚੱਲੇਗਾ। ਉਨ੍ਹਾਂ ਸੰਕੇਤ ਦਿੱਤਾ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਆਪਣਾ ਪ੍ਰਸ਼ਾਸਨ ਜ਼ਮੀਨੀ ਹਕੀਕਤਾਂ ਅਨੁਸਾਰ ਚਲਾਉਣਗੇ। ਉਨ੍ਹਾਂ ਕਿਹਾ, ‘ਅਮਰੀਕੀ ਸਰਕਾਰ ਤੇ ਉਸ ਦੇ ਆਲਮੀ ਭਾਈਵਾਲਾਂ ਨਾਲ ਅਮਰੀਕਾ ਦੀ ਨੀਤੀ ਮੌਜੂਦਾ ਚੁਣੌਤੀਆਂ ਅਨੁਸਾਰ ਰਹੇਗੀ। ਅਸੀਂ ਹੋਰਨਾਂ ਮੁਲਕਾਂ ਨਾਲ ਉਸ ਤਰ੍ਹਾਂ ਨਹੀਂ ਜੁੜਾਂਗੇ ਜਿਵੇਂ ਕਿ ਅਤੀਤ ਦੇ ਹਾਲਾਤ ਸਨ, ਬਲਕਿ ਅਸੀਂ ਆਪਣੀਆਂ ਨੀਤੀਆਂ ਅੱਜ ਦੇ ਹਾਲਾਤ ਅਨੁਸਾਰ ਬਣਾਵਾਂਗੇ। ਦੁਨੀਆਂ ਭਰ ’ਚ ਰਾਸ਼ਟਰਵਾਦ ਦਾ ਉਭਾਰ ਹੋ ਰਿਹਾ ਹੈ ਤੇ ਜਮਹੂਰੀਅਤ ਫਿੱਕੀ ਪੈ ਰਹੀ ਹੈ। ਚੀਨ ਤੇ ਰੂਸ ਵੱਡੀ ਚੁਣੌਤੀ ਵਜੋਂ ਉੱਭਰ ਰਹੇ ਹਨ।’ ਜ਼ਿਕਰਯੋਗ ਹੈ ਕਿ ਐਂਟਨੀ ਬਲਿੰਕਨ (58) ਮਾਈਕ ਪੌਂਪੀਓ ਦੀ ਥਾਂ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਬਣਨਗੇ।
-ਏਪੀ