ਜਕਾਰਤਾ, 24 ਜੁਲਾਈ
ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਨੇ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਚੀਨੀ ਫ਼ੌਜ ਦਾ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਪ੍ਰਤੀ ਰਵੱਈਆ ਵਧੇਰੇ ਹਮਲਾਵਰ ਤੇ ਖ਼ਤਰਨਾਕ ਹੋ ਗਿਆ ਹੈ। ਹਿੰਦ-ਪ੍ਰਸ਼ਾਂਤ ਖ਼ਿੱਤੇ ਦੇ ਦੌਰੇ ਤਹਿਤ ਇੰਡੋਨੇਸ਼ੀਆ ਪਹੁੰਚੇ ਜਨਰਲ ਨੇ ਕਿਹਾ ਕਿ ਚੀਨੀ ਹਵਾਈ ਜਹਾਜ਼ਾਂ ਅਤੇ ਸਮੁੰਦਰੀ ਬੇੜਿਆਂ ਵੱਲੋਂ ਹੋਰ ਮੁਲਕਾਂ ’ਚ ਦਖ਼ਲ ਦੇਣ ਦੀ ਗਿਣਤੀ ਵਧ ਗਈ ਹੈ। ਉਨ੍ਹਾਂ ਆਪਣੇ ਅਮਲੇ ਨੂੰ ਕਿਹਾ ਹੈ ਕਿ ਉਹ ਖ਼ਿੱਤੇ ’ਚ ਚੀਨ ਅਤੇ ਅਮਰੀਕਾ ਵਿਚਕਾਰ ਟਕਰਾਅ ਦੇ ਵਧ ਰਹੇ ਮਾਮਲਿਆਂ ਦੇ ਵੇਰਵੇ ਇਕੱਠੇ ਕਰਨ। ਫ਼ੌਜੀ ਅਧਿਕਾਰੀ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਨੇ ਪ੍ਰਸ਼ਾਂਤ ਖਿੱਤੇ ’ਚ ਚੀਨ ਦੇ ਟਾਕਰੇ ਲਈ ਹੋਰ ਮੁਲਕਾਂ ਨਾਲ ਸਬੰਧ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਦੁੱਗਣੀਆਂ ਕਰ ਦਿੱਤੀਆਂ ਹਨ। ਅਮਰੀਕੀ ਫ਼ੌਜੀ ਅਧਿਕਾਰੀ ਵੱਲੋਂ ਸਿਡਨੀ ’ਚ ਹਿੰਦ-ਪ੍ਰਸ਼ਾਂਤ ਖਿੱਤੇ ਦੇ ਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਅਮਰੀਕੀ ਫ਼ੌਜ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਵੱਲੋਂ ਤਾਇਵਾਨ ’ਤੇ ਹਮਲਾ ਕੀਤਾ ਜਾ ਸਕਦਾ ਹੈ। ਚੀਨੀ ਫ਼ੌਜ ਦੇ ਸੀਨੀਅਰ ਅਧਿਕਾਰੀ ਜਨਰਲ ਲੀ ਜ਼ੂਚੇਂਗ ਨੇ 7 ਜੁਲਾਈ ਨੂੰ ਮਿਲੀ ਨੂੰ ਫੋਨ ਕਰਕੇ ਕਿਹਾ ਕਿ ਤਾਇਵਾਨ ਜਿਹੇ ਮੁੱਦਿਆਂ ’ਤੇ ਪੇਈਚਿੰਗ ਕੋਈ ਸਮਝੌਤਾ ਨਹੀਂ ਕਰੇਗਾ। -ਏਪੀ