ਨਵੀਂ ਦਿੱਲੀ/ਕਾਠਮੰਡੂ, 4 ਸਤੰਬਰ
ਭਾਰਤੀ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਪੰਜ ਦਿਨ ਦੇ ਦੌਰੇ ਲਈ ਨੇਪਾਲ ਪੁੱਜ ਗਏ ਹਨ। ਇਸ ਦੌਰਾਨ ਉਹ ਗੁਆਂਢੀ ਦੇਸ਼ ਦੇ ਸਿਵਲ ਅਤੇ ਫ਼ੌਜੀ ਅਧਿਕਾਰੀਆਂ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵਿਚਾਰ-ਚਰਚਾ ਕਰਨਗੇ। ਨੇਪਾਲ ਦੇ ਵਾਈਸ ਚੀਫ ਆਫ ਆਰਮੀ ਸਟਾਫ ਲੈਫਟੀਨੈਂਟ ਜਨਰਲ ਬਾਲ ਕ੍ਰਿਸ਼ਨ ਕਾਰਕੀ ਨੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ’ਤੇ ਥਲ ਸੈਨਾ ਮੁਖੀ ਦਾ ਸਵਾਗਤ ਕੀਤਾ। ਸੱਤ ਦਹਾਕੇ ਪੁਰਾਣੀ ਰਵਾਇਤ ਨੂੰ ਕਾਇਮ ਰੱਖਦਿਆਂ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੂੰ ਭਲਕੇ ਕਾਠਮੰਡੂ ਵਿੱਚ ਨੇਪਾਲ ਦੇ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਵੱਲੋਂ ਇੱਕ ਸਮਾਗਮ ਦੌਰਾਨ ‘ਜਨਰਲ ਆਫ ਦਿ ਨੇਪਾਲ ਆਰਮੀ’ ਦੀ ਉਪਾਧੀ ਨਾਲ ਸਨਮਾਨਿਆ ਜਾਵੇਗਾ। ਜਨਰਲ ਪਾਂਡੇ ਦੀ ਕਾਠਮੰਡੂ ਵਿੱਚ ਹੋਣ ਵਾਲੀ ਗੱਲਬਾਤ ਦੌਰਾਨ ਅਗਨੀਪਥ ਯੋਜਨਾ ਤਹਿਤ ਭਾਰਤੀ ਸੈਨਾ ਵਿੱਚ ਨੇਪਾਲ ਦੇ ਗੋਰਖਾ ਜਵਾਨਾਂ ਨੂੰ ਸ਼ਾਮਲ ਕਰਨ ਦਾ ਮੁੱਦਾ ਵੀ ਵਿਚਾਰੇ ਜਾਣ ਦੀ ਸੰਭਾਵਨਾ ਹੈ। ਖ਼ਬਰਾਂ ਅਨੁਸਾਰ ਨੇਪਾਲ ਨੇ ਭਾਰਤ ਨੂੰ ਕਿਹਾ ਹੈ ਕਿ ਨਵੀਂ ਯੋਜਨਾ ਤਹਿਤ ਭਰਤੀ ਮੌਜੂਦਾ ਪ੍ਰਬੰਧਾਂ ਦੇ ਅਨੁਕੂਲ ਨਹੀਂ ਹੈ। ਸੈਨਾ ਨੇ ਕਿਹਾ ਕਿ ਜਨਰਲ ਪਾਂਡੇ ਇਸ ਦੌਰੇ ਦੌਰਾਨ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ, ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਨਾਲ ਮੁਲਾਕਾਤ ਕਰਨਗੇ ਅਤੇ ਨੇਪਾਲ ਦੇ ਸੈਨਾ ਪ੍ਰਮੁੱਖ ਜਨਰਲ ਪ੍ਰਭੂਰਾਮ ਸ਼ਰਮਾ ਸਣੇ ਹੋਰ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਸੈਨਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਹ ਦੌਰਾ ਮੌਜੂਦਾ ਦੁਵੱਲੇ ਰੱਖਿਆ ਸਬੰਧਾਂ ਦਾ ਜਾਇਜ਼ਾ ਲੈਣ ਅਤੇ ਆਪਸੀ ਹਿੱਤ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਮੌਕਾ ਦੇਵੇਗਾ।’’ ਉਨ੍ਹਾਂ ਕਿਹਾ ਕਿ ਜਨਰਲ ਪਾਂਡੇ ਨੂੰ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਸੀਤਲ ਨਿਵਾਸ ’ਤੇ ਸੋਮਵਾਰ ਨੂੰ ਹੋਣ ਵਾਲੇ ਇੱਕ ਸਮਾਰੋਹ ਦੌਰਾਨ ਨੇਪਾਲ ਸੈਨਾ ਦੇ ਜਨਰਲ ਦੀ ਸਨਮਾਨਯੋਗ ਉਪਾਧੀ ਦਿੱਤੀ ਜਾਵੇਗੀ।
ਇਹ ਰਵਾਇਤ ਸਾਲ 1950 ਵਿੱਚ ਸ਼ੁਰੂ ਹੋਈ ਸੀ। ਇਹ ਤਹਿਤ ਭਾਰਤ ਵੀ ਨੇਪਾਲੀ ਸੈਨਾ ਦੇ ਪ੍ਰਮੁੱਖ ਨੂੰ ਭਾਰਤੀ ਸੈਨਾ ਦੇ ਪ੍ਰਮੁੱਖ ਦੀ ਉਪਾਧੀ ਦਿੰਦਾ ਹੈ। ਜਨਰਲ ਪਾਂਡੇ ਨੇਪਾਲ ਦੇ ਆਰਮੀ ਹੈੱਡਕੁਆਰਟਰ ਦਾ ਦੌਰਾ ਵੀ ਕਰਨਗੇ, ਜਿੱਥੇ ਉਹ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਫ਼ੌਜ ਦੇ ਵਿਸ਼ੇਸ਼ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। -ਪੀਟੀਆਈ