ਨਿਊਯਾਰਕ: ਭਾਰਤ ’ਚ ਵਿਰਵੇ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਖੇਤਰ ’ਚ ਕੰਮ ਕਰਨ ਵਾਲੀ ਇੱਕ ਅਮਰੀਕੀ ਗ਼ੈਰ ਲਾਭਕਾਰੀ ਸੰਸਥਾ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਕਾਰਜਕਾਰੀ ਡਾਇਰੈਕਟਰ ਨਿਯੁਕਤ ਕੀਤਾ ਹੈ। ਸਥਾਨਕ ਅਕਾਂਕਸ਼ਾ ਐਜੂਕੇਸ਼ਨ ਫੰਡ (ਏਈਐੱਫ) ਨੇ ਦੱਸਿਆ ਕਿ ਸੇਜਲ ਦੇਸਾਈ ਸੰਸਥਾ ਦੀ ਕਾਰਜਕਾਰੀ ਡਾਇਰੈਕਟਰ ਹੋਵੇਗੀ। ਸੰਸਥਾ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘ਦੇਸਾਈ ਦਾ 30 ਸਾਲ ਦਾ ਤਜਰਬਾ ਹੈ ਅਤੇ ਉਹ ਹਾਲ ਹੀ ’ਚ ਅਕਾਂਕਸ਼ਾ ਪਰਿਵਾਰ ’ਚ ਸ਼ਾਮਲ ਹੋਈ ਸੀ ਜਿੱਥੇ ਉਨ੍ਹਾਂ ਇੱਕ ਰਣਨੀਤਕ ਪਹਿਲ ਦੀ ਅਗਵਾਈ ਕੀਤੀ ਸੀ। ਸੇਜਲ ਦੇਸਾਈ ਕਰੀਬ 20 ਸਾਲ ਤੱਕ ਮੁੰਬਈ ਰਹੀ ਅਤੇ ਉਨ੍ਹਾਂ ਦੇ ਉੱਥੇ ਮਜ਼ਬੂਤ ਪਰਿਵਾਰਕ ਤੇ ਪੇਸ਼ਵਰਾਨਾ ਸਬੰਧ ਹਨ।’ ਜ਼ਿਕਰਯੋਗ ਹੈ ਕਿ ਅਕਾਂਕਸ਼ਾ ਐਜੂਕੇਸ਼ਨ ਫੰਡ ਵੱਲੋਂ ਅਕਾਂਕਸ਼ਾ ਫਾਊਂਡੇਸ਼ਨ ਲਈ ਫੰਡ ਇਕੱਠੇ ਕੀਤੇ ਜਾਂਦੇ ਹਨ। ਸੰਸਥਾ ਵੱਲੋਂ ਮੁੰਬਈ ਤੇ ਪੁਣੇ ’ਚ ਵਿਰਵੇ ਬੱਚਿਆਂ ਲਈ 21 ਬਿਹਤਰੀਨ ਸਕੂਲ ਚਲਾਏ ਜਾ ਰਹੇ ਹਨ। -ਪੀਟੀਆਈ