ਵਾਸ਼ਿੰਗਟਨ, 17 ਦਸੰਬਰ
ਭਾਰਤ ਨੂੰ ਨਿਸ਼ਾਨਾ ਬਣਾ ਰਹੇ ਦਹਿਸ਼ਤਗਰਦ ਗੁਟਾਂ ਨੇ ਪਾਕਿਸਤਾਨ ਵਿੱਚ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਅਮਰੀਕਾ ਵੱਲੋਂ ਦਹਿਸ਼ਤਗਰਦੀ ’ਤੇ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਅਤੇ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਦਹਿਸ਼ਤਗਰਦ ਮਸੂਦ ਅਜ਼ਹਰ ਅਤੇ 2008 ਦੇ ਮੁੰਬਈ ਹਮਲੇ ਦੇ ‘ਪ੍ਰਾਜੈਕਟ ਮੈਨੇਜਰ’ ਸਾਜਿਦ ਮੀਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਹੜੇ ਦੇਸ਼ ਵਿੱਚ ਆਜ਼ਾਦ ਘੁੰਮ ਰਹੇ ਹਨ।
ਅਮਰੀਕੀ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਨੇ ਅੱਜ ਦਹਿਸ਼ਤਗਰਦੀ ’ਤੇ ਜਾਰੀ ‘ਕੰਟਰੀ ਰਿਪੋਰਟਸ 2020’ ਵਿੱਚ ਕਿਹਾ ਕਿ ਖੇਤਰੀ ਦਹਿਸ਼ਤਗਰਦ ਗੁੱਟ ਪਾਕਿਸਤਾਨ ਵਿੱਚ ਲਗਾਤਾਰ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ। ਰਿਪੋਰਟ ਮੁਤਾਬਕ, ‘‘ਅਫ਼ਗਾਨਿਸਤਾਨ ਨੂੰ ਨਿਸ਼ਾਨਾ ਬਣਾ ਰਹੇ ਗੁਟਾਂ, ਜਿਨ੍ਹਾਂ ਵਿੱਚ ਅਫ਼ਗਾਨ ਤਾਲਿਬਾਨ ਅਤੇ ਉਸ ਨਾਲ ਜੁੜੇ ਹੱਕਾਨੀ ਨੈੱਟਵਰਕ (ਐੱਚਕਿਊਐੱਨ) ਸ਼ਾਮਲ ਹਨ ਅਤੇ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਸਣੇ ਹੋਰ ਦਹਿਸ਼ਤਗਰਦ ਗੁਟ ਪਾਕਿਸਤਾਨ ਦੀ ਧਰਤੀ ਤੋਂ ਲਗਾਤਾਰ ਕੰਮ ਕਰ ਰਹੇ ਹਨ।’’
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਅਤੇ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਦਹਿਸ਼ਤਗਰਦ ਮਸੂਦ ਅਜ਼ਹਰ ਅਤੇ 2008 ਦੇ ਮੁੰਬਈ ਹਮਲੇ ਦੇ ‘ਪ੍ਰਾਜੈਕਟ ਮੈਨੇਜਰ’ ਸਾਜਿਦ ਮੀਰ ਵਰਗੇ ਹੋਰ ਦਹਿਸ਼ਤਗਰਦਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਦੋਵੇਂ ਪਾਕਿਸਤਾਨ ਵਿੱਚ ਬੇਰੋਕ ਘੁੰਮ ਰਹੇ ਹਨ।
ਰਿਪੋਰਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਲਾਹੌਰ ਦੀ ਇੱਕ ਅਤਿਵਾਦ ਵਿਰੋਧੀ ਅਦਾਲਤ ਨੇ ਫਰਵਰੀ ਅਤੇ ਫਿਰ ਨਵੰਬਰ ਮਹੀਨੇ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਨੂੰ ‘ਅਤਿਵਾਦ ਫੰਡਿੰਗ’ ਦੇ ਕਈ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਅਤੇ ਸਾਢੇ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ। ਪਾਕਿਸਤਾਨ ਨੇ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਕਾਰਜ ਯੋਜਨਾ ਪੂਰੀ ਕਰਨ ਲਈ 2020 ਵਿੱਚ ਵੱਧ ਕਦਮ ਚੁੱਕੇ ਪਰ ਕਾਰਜ ਯੋਜਨਾ ਦੇ ਸਾਰੇ ਕੰਮਾਂ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਪਾਕਿਸਤਾਨ ਐੱਫਏਟੀਐੱਫ ਦੀ ‘ਗ੍ਰੇਅ ਸੂਚੀ’ ਵਿੱਚ ਬਣਿਆ ਹੋਇਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਕੁਝ ਮਦਰੱਸਿਆਂ ਵਿੱਚ ਕੱਟੜਪੰਥੀ ਵਿਚਾਰਧਾਰਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਰਿਪੋਰਟ ਮੁਤਾਬਕ, ‘‘ਸਰਕਾਰ ਵੱਲੋਂ ਮਦਰੱਸਿਆਂ ਨੂੰ ਰੈਗੂਲਰ ਕਰਨ ਲਈ ਕੋਸ਼ਿਸ਼ਾਂ ਕੀਤੀ ਗਈਆਂ। ਕੁਝ ਵਿਸ਼ਲੇਸ਼ਕਾਂ ਅਤੇ ਮਦਰੱਸਾ ਸੁਧਾਰ ਸਮਰਥਕਾਂ ਨੇ ਕਿਹਾ ਕਿ ਕਈ ਮਦਰੱਸੇ ਸਰਕਾਰ ਨਾਲ ਰਜਿਸਟਰੇਸ਼ਨ ਕਰਵਾਉਣ, ਆਪਣੀ ਫੰਡਿੰਗ ਦੇ ਸਰੋਤਾਂ ਦੇ ਦਸਤਾਵੇਜ਼ ਦੇਣ ਜਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨ ’ਚ ਅਸਫਲ ਰਹੇ ਹਨ।’’
ਅਮਰੀਕਾ-ਭਾਰਤ ਸਹਿਯੋਗ ਨੂੰ ਉਭਾਰਦਿਆਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਭਾਰਤ ਨਾਲ ਆਪਣੀ ਰਣਨੀਤਕ ਭਾਈਵਾਲੀ ਵਧਾਉਣੀ ਜਾਰੀ ਰੱਖੀ ਹੈ, ਜਿਸ ਵਿੱਚ ਅਕਤੂਬਰ ਮਹੀਨੇ ਹੋਈ ਦੁਵੱਲੀ ਗੱਲਬਾਤ ਸ਼ਾਮਲ ਹੈ। ਰਿਪੋਰਟ ਵਿੱਚ ਦੇਸ਼ ਤੋਂ ਬਾਹਰ ਖੇਤਰੀ ਦਹਿਸ਼ਤਗਰਦ ਤਾਕਤਾਂ ਦਾ ਸਰਗਰਮੀ ਨਾਲ ਪਤਾ ਲਾਉਣ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਭਾਰਤ ਦੇ ਅਤਿਵਾਦ ਵਿਰੋਧੀ ਬਲਾਂ ਸਣੇ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਸ਼ਲਾਘਾ ਵੀ ਕੀਤੀ ਗਈ ਹੈ। -ਪੀਟੀਆਈ
ਇਸਲਾਮਿਕ ਸਟੇਟ ’ਚ ਭਾਰਤੀ ਮੂਲ ਦੇ 66 ਲੜਾਕੇ
ਵਾਸ਼ਿੰਗਟਨ: ਆਲਮੀ ਦਹਿਸ਼ਤਗਰਦ ਜਥੇਬੰਦੀ ਇਸਲਾਮਿਕ ਸਟੇਟ (ਆਈਐੱਸ) ਵਿੱਚ ਭਾਰਤੀ ਮੂਲ ਦੇ 66 ਲੜਾਕੇ ਹੋਣ ਦਾ ਪਤਾ ਲੱਗਿਆ ਹੈ। ਇਹ ਦਾਅਵਾ ਦਹਿਸ਼ਤਗਰਦੀ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੀ ‘ਕੰਟਰੀ ਰਿਪੋਰਟਸ 2020’ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਨਵੰਬਰ ਤੱਕ ਭਾਰਤੀ ਮੂਲ ਦੇ 66 ਲੜਾਕੇ ਆਈਐੱਸਆਈਐੱਸ ਵਿੱਚ ਹੋਣ ਸਬੰਧੀ ਜਾਣਕਾਰੀ ਮਿਲੀ ਹੈ। ਇਸ ਮੁਤਾਬਕ 2020 ਦੌਰਾਨ ਕੋਈ ਵੀ ਵਿਦੇਸ਼ੀ ਦਹਿਸ਼ਤਗਰਦ ਲੜਾਕਾ (ਐੱਫਟੀਐੱਫ) ਭਾਰਤ ਵਾਪਸ ਨਹੀਂ ਮੁੜਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਐੱਨਆਈਏ ਨੇ ਇਸਲਾਮਿਕ ਸਟੇਟ ਨਾਲ ਜੁੜੇ ਦਹਿਸ਼ਤਗਰਦੀ ਦੇ 34 ਕੇਸਾਂ ਦੀ ਜਾਂਚ ਕੀਤੀ ਅਤੇ 134 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚ ਸਤੰਬਰ ਮਹੀਨੇ ਪੱਛਮੀ ਬੰਗਾਲ ਅਤੇ ਕੇਰਲਾ ਤੋਂ ਗ੍ਰਿਫ਼ਤਾਰ ਕੀਤੇ ਅਲਕਾਇਦਾ ਨਾਲ ਜੁੜੇ 10 ਮੈਂਬਰ ਵੀ ਸ਼ਾਮਲ ਹਨ। -ਪੀਟੀਆਈ