ਪਿਸ਼ਾਵਰ, 14 ਸਤੰਬਰ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਥਾਣੇ ’ਤੇ ਹੋਏ ਅਤਿਵਾਦੀ ਹਮਲੇ ਦੌਰਾਨ ਚਾਰ ਪੁਲੀਸ ਮੁਲਾਜ਼ਮਾਂ ਸਮੇਤ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਕੇਪੀਕੇ ਦੇ ਕੋਹਾਟ ਜ਼ਿਲ੍ਹੇ ਵਿਚਲੇ ਬਿਲਾਤੁੰਗ ਥਾਣੇ ’ਤੇ ਅਤਿਵਾਦੀਆਂ ਨੇ ਗ੍ਰਨੇਡ ਸੁੱਟਿਆ, ਜਿਸ ਕਾਰਨ ਕੰਪਲੈਕਸ ਵਿੱਚ ਮੌਜੂਦ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ, ‘‘ਇਹ ਹਮਲਾ ਮੰਗਲਵਾਰ ਰਾਤ ਹੋਇਆ। ਅਤਿਵਾਦੀਆਂ ਨੇ ਥਾਣੇ ’ਤੇ ਇੱਕ ਗ੍ਰਨੇਡ ਸੁੱਟਿਆ, ਜਿਸ ਕਾਰਨ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਚਾਰ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ।’’ ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਪੀਟੀਆਈ