ਨਵੀਂ ਦਿੱਲੀ, 15 ਜੁਲਾਈ
ਅਫ਼ਗਾਨਿਸਤਾਨ ’ਚ ਜਦੋਂ ਤਾਲਿਬਾਨ ਲਗਾਤਾਰ ਆਪਣੀ ਪਕੜ ਮਜ਼ਬੂਤ ਬਣਾਉਂਦਾ ਜਾ ਰਿਹਾ ਹੈ ਤਾਂ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਨੇ ਕਿਹਾ ਹੈ ਕਿ ਮੁਲਕ ’ਚ ਅਸਥਿਰਤਾ ਲਈ ਦਹਿਸ਼ਤੀ ਜਥੇਬੰਦੀਆਂ ਦੀਆਂ ਸਰਗਰਮੀਆਂ ਮੁੱਖ ਕਾਰਨ ਹਨ। ਉਨ੍ਹਾਂ ਸਾਰੀਆਂ ਸਬੰਧਤ ਧਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ ਜਿਨ੍ਹਾਂ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਐੱਸਸੀਓ ਨੇ ਅਫ਼ਗਾਨਿਸਤਾਨ ਦੀ ਸਥਿਰਤਾ ਅਤੇ ਵਿਕਾਸ ਲਈ ਸੰਯੁਕਤ ਰਾਸ਼ਟਰ ਦੀ ਕਮਾਨ ਹੇਠ ਸਾਰੇ ਮੁਲਕਾਂ ਅਤੇ ਆਲਮੀ ਜਥੇਬੰਦੀਆਂ ਨੂੰ ਆਪਣਾ ਸਹਿਯੋਗ ਵਧਾਉਣ ਦਾ ਵੀ ਸੱਦਾ ਦਿੱਤਾ ਹੈ। ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ’ਚ ਬੁੱਧਵਾਰ ਨੂੰ ਭਾਰਤ, ਚੀਨ, ਪਾਕਿਸਤਾਨ, ਰੂਸ ਅਤੇ ਹੋਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਅਫ਼ਗਾਨਿਸਤਾਨ ’ਚ ਖ਼ਰਾਬ ਹੋ ਰਹੇ ਸੁਰੱਖਿਆ ਹਾਲਾਤ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। -ਪੀਟੀਆਈ