ਸੁਰਿੰਦਰ ਮਾਵੀ
ਵਿਨੀਪੈਗ, 17 ਮਈ
ਇੱਥੇ ਇਜ਼ਰਾਈਲ ਤੇ ਫ਼ਲਸਤੀਨ ਵਿਚਾਲੇ ਜੰਗ ’ਚ ਹੁਣ ਤੱਕ 1045 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਜ਼ਰਾਈਲ ਦੇ 8 ਲੋਕ ਵੀ ਆਪਣੀ ਜਾਨ ਗੁਆ ਚੁੱਕੇ ਹਨ, ਜਿਸ ਖ਼ਿਲਾਫ਼ ਕੈਨੇਡਾ ਦੇ ਲਗਪਗ ਸਾਰੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਅੱਜ ਟਰਾਂਟੋ, ਓਟਾਵਾ ਤੇ ਮੌਂਟਰੀਅਲ ਵਿੱਚ ਫਲਸਤੀਨੀਆਂ ਦੇ ਪੱਖ ’ਚ ਵੱਡੀਆਂ ਰੈਲੀਆਂ ਹੋਈਆਂ, ਉੱਥੇ ਵਿਨੀਪੈਗ ’ਚ ਦੋਵਾਂ ਧਿਰਾਂ ਦੇ ਸਮਰਥਕਾਂ ਦੇ ਆਹਮੋ-ਸਾਹਮਣੇ ਆਉਣ ਕਾਰਨ ਟਕਰਾਅ ਵਾਲੀ ਸਥਿਤੀ ਬਣ ਗਈ। ਵਿਨੀਪੈਗ ’ਚ ਮੈਨੀਟੋਬਾ ਸੂਬਾਈ ਵਿਧਾਨ ਸਭਾ ਦੇ ਬਾਹਰ ਇਜ਼ਰਾਇਲੀ ਤੇ ਫਲਸਤੀਨੀ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਰੈਲੀ ਕੀਤੀ, ਜਿਸ ਕਾਰਨ ਉੱਥੇ ਤਣਾਅ ਵਾਲਾ ਮਾਹੌਲ ਬਣ ਗਿਆ। ਰੈਲੀ ਦੌਰਾਨ ਦੋਵੇਂ ਪਾਰਟੀਆਂ ਨੇ ਆਹਮੋ-ਸਾਹਮਣੇ ਹੋ ਕੇ ਨਾਅਰੇ ਲਾਏ ਤਾਂ ਕਿਸੇ ਸ਼ਰਾਰਤੀ ਵਿਅਕਤੀ ਨੇ ਪਾਣੀ ਦੀ ਬੋਤਲ ਸੁੱਟ ਕੇ ਮਾਰੀ ਜੋ ਇੱਕ ਔਰਤ ਦੇ ਸਿਰ ਵਿੱਚ ਵੱਜੀ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ ਸੀ। ਦੋ ਦਰਜਨ ਪੁਲੀਸ ਮੁਲਾਜ਼ਮਾਂ ਨੇ ਦੋਵਾਂ ਗਰੁੱਪਾਂ ਵਿਚਾਲੇ ਟਕਰਾਅ ਵਾਲੀ ਸਥਿਤੀ ਨੂੰ ਮੁਸ਼ਕਿਲ ਨਾਲ ਕਾਬੂ ਕੀਤਾ, ਹਾਲਾਂਕਿ ਇਸ ਦੌਰਾਨ ਪੁਲੀਸ ਨੇ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਰੈਲੀ ਦੌਰਾਨ ਇਜ਼ਰਾਈਲ ਦੇ ਸਮਰਥਕ ਤੋਂ ਇਜ਼ਰਾਈਲ ਦਾ ਝੰਡਾ ਖੋਹ ਕੇ ਸਟਰੀਟ ਦੇ ਵਿਚਕਾਰ ਸਾੜ ਦਿੱਤਾ ਗਿਆ। ਦੋਵਾਂ ਪਾਰਟੀਆਂ ਨੇ ਮੈਨੀਟੋਬਾ ਦੇ ਕੋਵਿਡ -19 ਦੇ ਨਿਯਮਾਂ ਦੀਆਂ ਖੋਲ੍ਹ ਕੇ ਧੱਜੀਆਂ ਉਡਾਈਆਂ। ਇਸ ਤੋਂ ਇਲਾਵਾ ਓਟਾਵਾ ਦੇ ਹਿਊਮਨ ਰਾਈਟਸ ਮੌਨਿਊਮੈਂਟ ਵਿੱਚ ਸ਼ਹਿਰ ਦੇ ਫਲਸਤੀਨੀ ਭਾਈਚਾਰੇ ਵੱਲੋਂ ਵੱਡੀ ਰੈਲੀ ਕੀਤੀ ਗਈ, ਜਿਸ ਵਿੱਚ 2 ਹਜ਼ਾਰ ਤੋਂ 3 ਹਜ਼ਾਰ ਦੇ ਲਗਪਗ ਪ੍ਰਦਰਸ਼ਨਕਾਰੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਗਾਜਾ ’ਤੇ ਇਜ਼ਰਾਇਲੀ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ। ਰੈਲੀ ਵਿੱਚ ਸ਼ਾਮਲ ਐਸੋਸੀਏਸ਼ਨ ਆਫ਼ ਫਲਸਤੀਨ ਅਰਬ ਕੈਨੇਡੀਅਨ ਦੇ ਵਾਈਸ ਪ੍ਰੈਜ਼ੀਡੈਂਟ ਜਨਨ ਅਰਾਫ਼ਾ ਨੇ ਕਿਹਾ ਕਿ ਉਸ ਦਾ ਸਾਰਾ ਪਰਿਵਾਰ ਫਲਸਤੀਨ ਵਿੱਚ ਹੈ। ਇਜ਼ਰਾਈਲ ਵੱਲੋਂ ਹੋ ਰਹੇ ਹਮਲੇ ਕਾਰਨ ਉਸ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ।