ਦੁਬਈ, 28 ਅਪਰੈਲ
ਫਾਰਸ ਦੀ ਖਾੜੀ ’ਚ ਗਸ਼ਤ ਦੌਰਾਨ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਦਾ ਬੇੜਾ ਨਜ਼ਦੀਕ ਆਉਣ ’ਤੇ ਅਮਰੀਕੀ ਜਲ ਸੈਨਾ ਦੇ ਜੰਗੀ ਬੇੜੇ ਨੇ ਚਿਤਾਵਨੀ ਵਜੋਂ ਗੋਲੇ ਦਾਗ਼ੇ। ਅਮਰੀਕੀ ਜਲ ਸੈਨਾ ਨੇ ਗੋਲੇ ਦਾਗ਼ਣ ਦਾ ਫੁਟੇਜ ਜਾਰੀ ਕੀਤਾ ਹੈ। ਉਧਰ ਇਰਾਨ ਨੇ ਇਸ ਘਟਨਾ ਬਾਰੇ ਤੁਰੰਤ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਮੱਧ-ਪੂਰਬ ’ਚ ਤਾਇਨਾਤ ਪੰਜਵੇਂ ਬੇੜੇ ਦੀ ਤਰਜਮਾਨ ਕਮਾਂਡਰ ਰੈਬੇਕਾ ਰੀਬਾਰਿਚ ਨੇ ਕਿਹਾ ਕਿ ਅਮਰੀਕੀ ਬੇੜੇ ’ਤੇ ਸਵਾਰ ਜਵਾਨਾਂ ਨੇ ਗੋਲੇ ਦਾਗ਼ਣ ਤੋਂ ਪਹਿਲਾਂ ਕਈ ਚਿਤਾਵਨੀਆਂ ਦਿੱਤੀਆਂ ਸਨ ਪਰ ਇਰਾਨੀ ਬੇੜੇ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ ਅਤੇ ਉਹ ਅੱਗੇ ਵਧਦਾ ਆ ਰਿਹਾ ਸੀ। ਗੋਲੇ ਦਾਗ਼ਣ ਮਗਰੋਂ ਇਰਾਨੀ ਬੇੜਾ ਅਮਰੀਕੀ ਜਹਾਜ਼ ਤੋਂ ਸੁਰੱਖਿਅਤ ਦੂਰੀ ’ਤੇ ਚਲਾ ਗਿਆ। ਉਨ੍ਹਾਂ ਸਾਰਿਆਂ ਨੂੰ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਇਰਾਨੀ ਬੇੜੇ ਨੇ ਇਸ ਮਹੀਨੇ ਦੂਜੀ ਵਾਰ ਇਹ ਘਟਨਾਕ੍ਰਮ ਦੁਹਰਾਇਆ ਹੈ। -ਏਪੀ