ਕਾਬੁਲ, 20 ਅਗਸਤ
ਤਾਲਿਬਾਨੀ ਲੜਾਕਿਆਂ ਦੇ ਅਫ਼ਗ਼ਾਨਿਸਤਾਨ ’ਤੇ ਕਾਬਜ਼ ਹੋਣ ਮਗਰੋਂ ਕਿਸੇ ਵੀ ਕੀਮਤ ’ਤੇ ਮੁਲਕ ਛੱਡਣ ਦੀ ਆਸ ਨਾਲ ਕਾਬੁਲ ਹਵਾਈ ਅੱਡੇ ’ਤੇ ਜੁੜੇ ਹਜੂਮ ਨੂੰ ਕੰਟਰੋਲ ਕਰਨ ਲਈ ਉਥੇ ਤਾਇਨਾਤ ਫੌਜ ਨੂੰ ਅੱਥਰੂ ਗੈਸ ਦੇ ਗੋਲੇ ਦਾਗ਼ਣੇ ਪਏ। ਵਾਲ ਸਟਰੀਟ ਜਰਨਲ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਅਫ਼ਗ਼ਾਨਿਸਤਾਨ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਦੇ ਅਮਲ ਨੂੰ ਤੇਜ਼ ਕਰ ਦਿੱਤਾ ਗਿਆ ਹੈ।
ਸੀਨੀਅਰ ਪੱਛਮੀ ਅਧਿਕਾਰੀਆਂ ਮੁਤਾਬਕ ਹਵਾਈ ਅੱਡੇ ’ਤੇ ਇਕੱਠੇ ਹੋਏ ਲੋਕਾਂ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਨੂੰ ਹਵਾ ਵਿੱਚ ਗੋਲੀਆਂ ਵੀ ਚਲਾਉਣੀਆਂ ਪਈਆਂ।
ਉਂਜ ਇਹ ਸਾਫ਼ ਨਹੀਂ ਹੈ ਕਿ ਇਹ ਫੌਜੀ ਅਮਰੀਕੀ ਸਨ। ਕਾਬੁਲ ਹਵਾਈ ਅੱਡੇ ’ਤੇ ਅਫ਼ਗਾਨ, ਬ੍ਰਿਟਿਸ਼ ਤੇ ਹੋਰਨਾਂ ਪੱੱਛਮੀ ਮੁਲਕਾਂ ਦੇ ਸੁਰੱਖਿਆ ਬਲ ਮੌਜੂਦ ਹਨ। ਅਮਰੀਕੀ ਫੌਜ ਨੇ ਵੀ ਇਸ ਘਟਨਾ ਬਾਰੇ ਫੌਰੀ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਦੱਸ ਦੇਈਏ ਕਿ ਤਾਲਿਬਾਨ ਲੜਾਕਿਆਂ ਨੇ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਭਾਵੇਂ ਘੇਰਾ ਪਾ ਰੱਖਿਆ ਹੈ, ਪਰ ਇਹ ਅਜੇ ਵੀ ਅਮਰੀਕੀ ਫੌਜਾਂ ਦੇ ਕਬਜ਼ੇ ਹੇਠ ਹੈ। ਸੁਰੱਖਿਆ ਬਲਾਂ ਵੱਲੋਂ ਹਵਾਈ ਅੱਡੇ ਤੋਂ ਬਾਹਰ ਆ ਕੇ ਹਜੂਮ ਨੂੰ ਖਿੰਡਾਇਆ ਜਾ ਰਿਹਾ ਹੈ ਤਾਂ ਕਿ ਹਵਾਈ ਅੱਡੇ ਅੰਦਰ ਦਾਖਲ ਹੋਣ ਵਾਲੇ ਪਰਿਵਾਰਾਂ ਲਈ ਰਾਹ ਬਣਾਇਆ ਜਾ ਸਕੇ। ਨਾਟੋ ਮੁਲਕ ਤੇ ਹੋਰ ਭਾਈਵਾਲ ਪਿਛਲੇ ਇਕ ਹਫ਼ਤੇ ਦੌਰਾਨ ਹੁਣ ਤੱਕ 20 ਹਜ਼ਾਰ ਦੇ ਕਰੀਬ ਲੋਕਾਂ ਨੂੰ ਅਫ਼ਗ਼ਾਨਿਸਤਾਨ ’ਚੋਂ ਬਾਹਰ ਕੱਢ ਚੁੱਕੇ ਹਨ। ਆਈਏਐੱਨਐੱਸ
ਤਾਲਿਬਾਨ ਨੇ ਘੱਟਗਿਣਤੀ ਭਾਈਚਾਰੇ ਦੇ ਨੌਂ ਲੋਕਾਂ ਦੀ ਹੱਤਿਆ ਕੀਤੀ: ਐਮਨੈਸਟੀ
ਬਰਲਿਨ: ਐਮਨੈਸਟੀ ਇੰਟਰਨੈਸ਼ਨਲ ਨੇ ਦਾਅਵਾ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਹਜਾਰਾ ਘੱਟਗਿਣਤੀ ਭਾਈਚਾਰੇ ਦੇ ਕੁਝ ਮੈਂਬਰਾਂ ਦੀ ਹੱਤਿਆ ਲਈ ਤਾਲਿਬਾਨ ਜ਼ਿੰਮੇਵਾਰ ਹੈ। ਜਥੇਬੰਦੀ ਨੇ ਕਿਹਾ ਕਿ ਤਾਲਿਬਾਨ ਨੇ 4 ਤੋਂ 6 ਜੁਲਾਈ ਦਰਮਿਆਨ ਇਕ ਪਿੰਡ ਵਿੱਚ ਨੌਂ ਲੋਕਾਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿਚੋਂ 6 ਨੂੰ ਗੋਲੀ ਮਾਰੀ ਗਈ ਤੇ ਤਿੰਨ ਨੂੰ ਤਸੀਹੇ ਦੇ ਕੇ ਮਾਰਿਆ ਗਿਆਾ ਹੈ। ਜਥੇਬੰਦੀ ਦੇ ਪ੍ਰਮੁੱਖ ਐਗਨਸ ਕਾਲਾਮਾਰਡ ਨੇ ਕਿਹਾ ਕਿ ਬੇਰਹਿਮੀ ਨਾਲ ਕੀਤੀਆਂ ਹੱਤਿਆਵਾਂ ‘ਤਾਲਿਬਾਨ ਦੇ ਪਿਛਲੇ ਰਿਕਾਰਡ ਦੀ ਯਾਦ ਦਿਵਾਉਂਦੀਆਂ’ ਹਨ ਕਿ ਤਾਲਿਬਾਨ ਦਾ ਸ਼ਾਸਨ ਕਿੰਨਾ ਬੇਰਹਿਮ ਹੋ ਸਕਦਾ ਹੈ।’’ -ਏਪੀ
ਤਾਲਿਬਾਨ ਨੂੰ 31 ਅਗਸਤ ਤੱਕ ਦੀ ਉਡੀਕ
ਕਾਬੁਲ: ਅਫ਼ਗ਼ਾਨਿਸਤਾਨ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਤਾਲਿਬਾਨ ਦੇ ਸਿਖਰਲੇ ਆਗੂਆਂ ਦੀ ਗੈਰ-ਤਾਲਿਬਾਨੀ ਆਗੂਆਂ ਸਮੇਤ ਹੋਰਨਾਂ ਨਾਲ ਚੱਲ ਰਹੇ ਸੰਵਾਦ ਤੋਂ ਜਾਣੂ ਇਕ ਅਫ਼ਗ਼ਾਨ ਅਧਿਕਾਰੀ ਨੇ ਕਿਹਾ ਕਿ ਤਾਲਿਬਾਨ ਦੀ 31 ਅਗਸਤ ਤੱਕ ਕੋਈ ਵੱਡਾ ਐਲਾਨ ਕਰਨ ਦੀ ਕੋਈ ਯੋਜਨਾ ਨਹੀਂ ਹੈ। ਚੇਤੇ ਰਹੇ ਕਿ ਇਹ ਤਰੀਕ ਅਮਰੀਕੀ ਫੌਜਾਂ ਦੇ ਅਫ਼ਗਾਨਿਸਤਾਨ ’ਚੋਂ ਬਾਹਰ ਨਿਕਲਣ ਦਾ ਅਮਲ ਪੂਰਾ ਹੋਣ ਦੀ ਹੈ। ਇਸ ਦੌਰਾਨ ਤਾਲਿਬਾਨ ਨੇ ਅਫ਼ਗ਼ਾਨ ਕੌਮੀ ਸੁਰੱਖਿਆ ਬਲਾਂ ਨੂੰ ਤਬਦੀਲ ਕਰਨ ਦੀ ਆਪਣੀ ਯੋਜਨਾ ਬਾਰੇ ਵੀ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ। -ਏਪੀ
ਜੁੰਮੇ ਦੀ ਨਮਾਜ਼ ਮੌਕੇ ਅਮਨ-ਅਮਾਨ ਰਿਹਾ
ਕਾਬੁਲ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਜੁੰਮੇ ਦੀ ਨਮਾਜ਼ ਮੌਕੇ ਅਮਨ ਅਮਾਨ ਰਿਹਾ। ਕੋਈ ਵੀ ਹਥਿਆਰਬੰਦ ਤਾਲਿਬਾਨ ਲੜਾਕਾ ਮਸਜਿਦ ਦੇ ਬਾਹਰ ਨਜ਼ਰ ਨਹੀਂ ਆਇਆ। ਤਾਲਿਬਾਨ ਮੈਂਬਰ ਡਰੈੱਸ ਕੋਡ ਦੀਆਂ ਪਾਬੰਦੀਆਂ ਲਾਗੂ ਕਰਦੇ ਵੀ ਨਹੀਂ ਦਿਸੇ। ਕੁਝ ਮਸਜਿਦਾਂ ਵਿਚ ਆਮ ਨਾਲੋਂ ਵੱਧ ਗਿਣਤੀ ਵਿੱਚ ਨਮਾਜ਼ੀ ਨਜ਼ਰ ਆਏ। ਚੇਤੇ ਰਹੇ ਕਿ ਤਾਲਿਬਾਨ ਨੇ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਦੇ ਇਮਾਮਾਂ ਨੂੰ ਜਾਰੀ ਹੁਕਮਾਂ ਵਿੱਚ ਅਪੀਲ ਕੀਤੀ ਸੀ ਕਿ ਉਹ ਹਫ਼ਤਾਵਾਰੀ ਨਮਾਜ਼ ਦੌਰਾਨ ਏਕਾ ਬਣਾ ਕੇ ਰੱਖਣ। -ਏੇਪੀ