ਕਾਬੁਲ, 13 ਅਗਸਤ
ਮੁੱਖ ਅੰਸ਼
- ਦੂਤਾਵਾਸ ਕਰਮਚਾਰੀਆਂ ਦੀ ਮਦਦ ਲਈ ਵਿਸ਼ੇਸ਼ ਦਸਤੇ ਭੇਜਣਗੇ ਅਮਰੀਕਾ, ਕੈਨੇਡਾ ਤੇ ਬਰਤਾਨੀਆ
ਅਫ਼ਗਾਨਿਸਤਾਨ ਦੇ ਦੱਖਣੀ ਖੇਤਰ ’ਚ ਤਾਲਿਬਾਨ ਨੇ ਤਿੰਨ ਹੋਰ ਵੱਡੇ ਸ਼ਹਿਰਾਂ ਉਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਵਿਚ ਹੇਲਮੰਦ ਸੂਬੇ ਦੀ ਰਾਜਧਾਨੀ ਵੀ ਸ਼ਾਮਲ ਹੈ। ਇਹ ਸੂਬਾ ਪਿਛਲੇ ਦੋ ਦਹਾਕਿਆਂ ਤੋਂ ਖ਼ੂਨ-ਖਰਾਬੇ ਦਾ ਕੇਂਦਰ ਬਣਿਆ ਹੋਇਆ ਹੈ। ਬਾਗ਼ੀਆਂ ਨੇ ਜ਼ੋਰਦਾਰ ਹੱਲਾ ਬੋਲ ਕੇ ਰਾਜਧਾਨੀ ਕਾਬੁਲ ਨੂੰ ਇਕ ਤਰ੍ਹਾਂ ਨਾਲ ਘੇਰਾ ਹੀ ਪਾ ਲਿਆ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਤਾਲਿਬਾਨ ਨੇ ਕੰਧਾਰ ਤੇ ਹੇਰਾਤ ਵੀ ਸਰਕਾਰੀ ਕੰਟਰੋਲ ’ਚੋਂ ਖੋਹ ਲਿਆ। ਇਹ ਅਫ਼ਗਾਨਿਸਤਾਨ ਦਾ ਦੂਜਾ ਤੇ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਤਰ੍ਹਾਂ ਕਰੀਬ ਪੂਰੇ ਦੱਖਣੀ ਅਫ਼ਗਾਨਿਸਤਾਨ ’ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈ। ਜ਼ਿਕਰਯੋਗ ਹੈ ਕਿ ਹੇਲਮੰਦ ’ਚ ਅਮਰੀਕੀ, ਬਰਤਾਨਵੀ ਤੇ ਨਾਟੋ ਫ਼ੌਜਾਂ ਵੱਲੋਂ ਕਈ ਸਾਲ ਖ਼ੂਨ-ਪਸੀਨਾ ਡੋਲ੍ਹਣ ਤੋਂ ਬਾਅਦ ਵੀ ਇਹ ਸੂਬਾ ਉਨ੍ਹਾਂ ਦੇ ਹੱਥੋਂ ਨਿਕਲ ਗਿਆ ਹੈ। ਤਾਲਿਬਾਨ ਨੇ ਪਿਛਲੇ ਕੁਝ ਦਿਨਾਂ ਦੌਰਾਨ ਦਰਜਨ ਤੋਂ ਵੱਧ ਸੂਬਿਆਂ ਦੀਆਂ ਰਾਜਧਾਨੀਆਂ ਉਤੇ ਕਬਜ਼ਾ ਕਰ ਲਿਆ ਹੈ। ਕਰੀਬ ਦੋ-ਤਿਹਾਈ ਮੁਲਕ ਹੁਣ ਤਾਲਿਬਾਨ ਦੇ ਕਬਜ਼ੇ ਹੇਠ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਆਪਣੀਆਂ ਫ਼ੌਜਾਂ ਇੱਥੋਂ ਕੱਢਣ ਦੇ ਕੁਝ ਹਫ਼ਤਿਆਂ ਦੇ ਅੰਦਰ ਹੀ ਇਹ ਸਭ ਕੁਝ ਵਾਪਰ ਗਿਆ ਹੈ। ਹੇਲਮੰਦ ’ਚ ਸੂਬਾਈ ਕੌਂਸਲ ਦੇ ਮੁਖੀ ਅਤਾਉੱਲ੍ਹਾ ਅਫ਼ਗਾਨ ਨੇ ਦੱਸਿਆ ਕਿ ਤਾਲਿਬਾਨ ਨੇ ਲਸ਼ਕਰ ਗਾਹ ਉਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਆਪਣੇ ਝੰਡੇ ਸਰਕਾਰੀ ਇਮਾਰਤਾਂ ਉਤੇ ਲਹਿਰਾ ਦਿੱਤੇ ਹਨ। ਜ਼ਬੁਲ ਸੂਬੇ ਦੀ ਰਾਜਧਾਨੀ ਕਲਾਤ ਵੀ ਤਾਲਿਬਾਨ ਦੇ ਕਬਜ਼ੇ ਵਿਚ ਹੈ। ਦੱਖਣ ਵਿਚ ਹੀ ਸਥਿਤ ਉਰੁਜ਼ਗਾਨ ਦੀ ਰਾਜਧਾਨੀ ਤਿਰਿਨ ਕੋਟ ’ਤੇ ਵੀ ਹੁਣ ਤਾਲਿਬਾਨ ਦਾ ਕਬਜ਼ਾ ਹੈ। ਮੁਲਕ ਦੇ ਪੱਛਮ ਵਿਚ ਘੋਰ ਸੂਬੇ ਦੀ ਰਾਜਧਾਨੀ ਫਿਰੋਜ਼ ਕੋਹ ਉਤੇ ਵੀ ਤਾਲਿਬਾਨ ਕਾਬਜ਼ ਹੋ ਗਿਆ ਹੈ। ਡੈਨਮਾਰਕ ਮੁਲਕ ਵਿਚ ਆਪਣਾ ਦੂਤਾਵਾਸ ਆਰਜ਼ੀ ਤੌਰ ਉਤੇ ਬੰਦ ਕਰ ਰਿਹਾ ਹੈ। ਜਰਮਨੀ ਵੀ ਸਟਾਫ਼ ਘਟਾ ਰਿਹਾ ਹੈ।
ਕਾਬੁਲ ਨੂੰ ਹਾਲੇ ਸਿੱਧੇ ਤੌਰ ਉਤੇ ਤਾਂ ਕੋਈ ਖ਼ਤਰਾ ਨਹੀਂ ਹੈ ਪਰ ਬਾਕੀ ਥਾਵਾਂ ਉਤੇ ਹੋ ਰਿਹਾ ਨੁਕਸਾਨ ਤੇ ਜੰਗ ਸਰਕਾਰੀ ਕੰਟਰੋਲ ਨੂੰ ਕਮਜ਼ੋਰ ਕਰ ਰਹੇ ਹਨ। ਸੁਰੱਖਿਆ ਸਥਿਤੀ ਵਿਗੜਨ ਦੇ ਮੱਦੇਨਜ਼ਰ ਅਮਰੀਕਾ ਹੁਣ ਆਪਣੇ ਤਿੰਨ ਹਜ਼ਾਰ ਫ਼ੌਜੀਆਂ ਨੂੰ ਕਾਬੁਲ ਦੇ ਅਮਰੀਕੀ ਦੂਤਾਵਾਸ ਵਿਚੋਂ ਮੁਲਾਜ਼ਮਾਂ ਨੂੰ ਵਾਪਸ ਲਿਆਉਣ ਲਈ ਭੇਜ ਰਿਹਾ ਹੈ। ਇਸੇ ਤਰ੍ਹਾਂ ਬਰਤਾਨੀਆ ਤੇ ਕੈਨੇਡਾ ਵੀ ਵਿਸ਼ੇਸ਼ ਦਸਤੇ ਆਪਣੇ ਨਾਗਰਿਕਾਂ ਦੀ ਮਦਦ ਲਈ ਤੇ ਉਨ੍ਹਾਂ ਨੂੰ ਉੱਥੋਂ ਕੱਢਣ ਲਈ ਭੇਜ ਰਹੇ ਹਨ। ਹਜ਼ਾਰਾਂ ਅਫ਼ਗਾਨ ਨਾਗਰਿਕ ਆਪਣੇ ਘਰ ਛੱਡ ਕੇ ਭੱਜ ਗਏ ਹਨ। ਉਨ੍ਹਾਂ ਨੂੰ ਡਰ ਹੈ ਕਿ ਤਾਲਿਬਾਨ ਮੁੜ ਤੋਂ ਤਾਨਾਸ਼ਾਹ ਸਰਕਾਰ ਚਲਾ ਕੇ ਔਰਤਾਂ ਦੇ ਹੱਕ ਖ਼ਤਮ ਕਰ ਦੇਵੇਗਾ ਤੇ ਜਨਤਕ ਤੌਰ ਉਤੇ ਲੋਕਾਂ ਨੂੰ ਫਾਹੇ ਲਾਵੇਗਾ। -ਏਪੀ
ਚਮਨ ਸਰਹੱਦ ’ਤੇ ਅਫ਼ਗਾਨ ਲੋਕ ਪਾਕਿ ਸੁਰੱਖਿਆ ਬਲਾਂ ਨਾਲ ਭਿੜੇ
ਕਰਾਚੀ: ਬਲੋਚਿਸਤਾਨ ਰਾਜ ਦੇ ਚਮਨ ਸਰਹੱਦੀ ਲਾਂਘੇ ਤੋਂ ਅਫ਼ਗਾਨਿਸਤਾਨ ਵਿਚ ਦਾਖ਼ਲ ਹੋਣ ਦਾ ਯਤਨ ਕਰ ਰਹੇ ਸੈਂਕੜੇ ਅਫ਼ਗਾਨਾਂ ਦਾ ਅੱਜ ਪਾਕਿਸਤਾਨ ਦੇ ਸੁਰੱਖਿਆ ਬਲਾਂ ਨਾਲ ਟਕਰਾਅ ਹੋਇਆ ਹੈ। ਇਸ ਲਾਂਘੇ ਨੂੰ ਤਾਲਿਬਾਨ ਨੇ ਬੰਦ ਕੀਤਾ ਹੋਇਆ ਹੈ ਤੇ ਕੁਝ ਮੰਗਾਂ ਪਾਕਿਸਤਾਨ ਅੱਗੇ ਰੱਖੀਆਂ ਹਨ। ਚਮਨ ਬਾਰਡਰ ’ਤੇ ਪਾਕਿਸਤਾਨ ਵਾਲੇ ਪਾਸੇ ਅੱਜ ਕਈ ਅਫ਼ਗਾਨੀ ਲੋਕ ਇਕੱਠੇ ਹੋ ਗਏ ਜਦਕਿ ਤਾਲਿਬਾਨ ਨੇ ਲਾਂਘਾ ਬੰਦ ਕਰ ਦਿੱਤਾ। ਇਸੇ ਦੌਰਾਨ ਪਾਕਿ ਬਲਾਂ ਤੇ ਅਫ਼ਗਾਨ ਲੋਕਾਂ ਵਿਚਾਲੇ ਟਕਰਾਅ ਹੋ ਗਿਆ। ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਚਮਨ ਮੁੱਖ ਵਪਾਰਕ ਲਾਂਘਾ ਹੈ। ਜ਼ਿਕਰਯੋਗ ਹੈ ਕਿ ਜੰਗ ਦੇ ਸਤਾਏ ਵੱਡੀ ਗਿਣਤੀ ਅਫ਼ਗਾਨ ਲੋਕ ਪਾਕਿਸਤਾਨ ਵਿਚ ਰਹਿ ਰਹੇ ਹਨ। -ਪੀਟੀਆਈ
ਤਾਲਿਬਾਨ ਦੇ ਹਮਲਾਵਰ ਰੁਖ਼ ਤੋਂ ‘ਨਾਟੋ’ ਗੱਠਜੋੜ ਪ੍ਰੇਸ਼ਾਨ
ਬਰੱਸਲਜ਼: ‘ਨਾਟੋ’ ਦੇ ਸਕੱਤਰ ਜਨਰਲ ਜੇਨ ਸਟੋਲਟਨਬਰਗ ਨੇ ਕਿਹਾ ਹੈ ਕਿ ਇਸ ਫ਼ੌਜੀ ਗੱਠਜੋੜ ਨੂੰ ਤਾਲਿਬਾਨ ਦੇ ਹਮਲਾਵਰ ਰੁਖ਼ ਦਾ ਸੇਕ ਲੱਗ ਰਿਹਾ ਹੈ। ਉਨ੍ਹਾਂ ਬਾਗ਼ੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਧੱਕੇ ਨਾਲ ਸੱਤਾ ਹਥਿਆਉਣਗੇ ਤਾਂ ਇਸ ਨੂੰ ਬਿਲਕੁਲ ਵਾਜਬ ਨਹੀਂ ਮੰਨਿਆ ਜਾਵੇਗਾ, ਨਾ ਹੀ ਅਜਿਹੀ ਸਰਕਾਰ ਨੂੰ ਮਾਨਤਾ ਮਿਲੇਗੀ। ਨਾਟੋ ਮੁਖੀ ਨੇ ਇਸ ਬਾਰੇ ਨਾਟੋ ਮੁਲਕਾਂ ਦੇ ਰਾਜਦੂਤਾਂ ਨਾਲ ਬੈਠਕ ਕੀਤੀ ਹੈ। ਉਨ੍ਹਾਂ ਅਫ਼ਗਾਨਿਸਤਾਨ ਵਿਚ ਹੋ ਰਹੀ ਹਿੰਸਾ ਉਤੇ ਚਿੰਤਾ ਪ੍ਰਗਟ ਕੀਤੀ। ਸਟੋਲਟਨਬਰਗ ਨੇ ਕਿਹਾ ਕਿ ਨਾਟੋ ਦਾ ਮੰਤਵ ਹਮੇਸ਼ਾ ਅਫ਼ਗਾਨ ਸਰਕਾਰ ਤੇ ਸੁਰੱਖਿਆ ਬਲਾਂ ਨੂੰ ਜਿੰਨੀ ਸੰਭਵ ਹੋ ਸਕੇ, ਮਦਦ ਦੇਣਾ ਹੈ। -ਏਪੀ
ਭਾਰਤ ਸਮੇਤ 12 ਦੇਸ਼ਾਂ ਵੱਲੋਂ ਤਾਲਿਬਾਨ ਨੂੰ ਚਿਤਾਵਨੀ ਜਾਰੀ
ਵਾਸ਼ਿੰਗਟਨ: ਕਤਰ ਵਿਚ ਚੱਲ ਰਹੀ ਸ਼ਾਂਤੀ ਵਾਰਤਾ ਫ਼ਿਲਹਾਲ ਰੁਕੀ ਹੋਈ ਹੈ। ਹਾਲਾਂਕਿ ਕੂਟਨੀਤਕ ਹਾਲੇ ਵੀ ਮੀਟਿੰਗਾਂ ਕਰ ਰਹੇ ਹਨ। ਅਮਰੀਕਾ, ਯੂਰੋਪ ਤੇ ਏਸ਼ਿਆਈ ਮੁਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਧੱਕੇ ਨਾਲ ਬਣਾਈ ਗਈ ਕੋਈ ਵੀ ਸਰਕਾਰ ਮਨਜ਼ੂਰ ਨਹੀਂ ਕੀਤੀ ਜਾਵੇਗੀ। ਸ਼ਾਂਤੀ ਵਾਰਤਾ ਵਿਚ ਅਮਰੀਕਾ ਦੇ ਰਾਜਦੂਤ ਜ਼ਲਮਈ ਖ਼ਲੀਲਜ਼ਾਦ ਨੇ ਕਿਹਾ ਕਿ ਉਹ ਸ਼ਹਿਰਾਂ ਉਤੇ ਹਮਲੇ ਤੁਰੰਤ ਰੋਕੇ ਜਾਣ ਦੀ ਮੰਗ ਕਰਦੇ ਹਨ। ਮਸਲੇ ਦਾ ਹੱਲ ਸਿਆਸੀ ਪੱਧਰ ਉਤੇ ਕੱਢਿਆ ਜਾਣਾ ਚਾਹੀਦਾ ਹੈ। ਅਮਰੀਕੀ ਖ਼ੁਫੀਆ ਰਿਪੋਰਟਾਂ ਮੁਤਾਬਕ ਜੇਕਰ ਤਾਲਿਬਾਨ ਇਸੇ ਤਰ੍ਹਾਂ ਅੱਗੇ ਵਧਦਾ ਰਿਹਾ ਤਾਂ 30 ਦਿਨਾਂ ਵਿਚ ਇਹ ਕਾਬੁਲ ਨੂੰ ਆਪਣੇ ਅਧੀਨ ਕਰ ਲਏਗਾ। ਕੁਝ ਮਹੀਨਿਆਂ ਵਿਚ ਪੂਰੇ ਦੇਸ਼ ਉਤੇ ਤਾਲਿਬਾਨ ਦਾ ਕਬਜ਼ਾ ਹੋ ਸਕਦਾ ਹੈ। ਚਿਤਾਵਨੀ ਦੇਣ ਵਾਲੇ 12 ਦੇਸ਼ਾਂ ਵਿਚ ਭਾਰਤ ਤੇ ਚੀਨ ਵੀ ਸ਼ਾਮਲ ਹਨ। ਕਤਰ ਵੱਲੋਂ ਅਫ਼ਗਾਨਿਸਤਾਨ ਦੀ ਸਥਿਤੀ ਉਤੇ ਕਰਵਾਏ ਸੰਮੇਲਨ ਵਿਚ ਅਮਰੀਕਾ ਤੇ ਕਤਰ, ਸੰਯੁਕਤ ਰਾਸ਼ਟਰ, ਚੀਨ, ਉਜ਼ਬੇਕਿਸਤਾਨ, ਪਾਕਿਸਤਾਨ, ਯੂਕੇ, ਯੂਰੋਪੀਅਨ ਯੂਨੀਅਨ, ਜਰਮਨੀ, ਭਾਰਤ, ਨਾਰਵੇ, ਤਾਜਿਕਿਸਤਾਨ, ਤੁਰਕੀ ਤੇ ਤੁਰਕਮੇਨਿਸਤਾਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। -ਏਪੀ