ਬੋਸਟਨ, 6 ਦਸੰਬਰ
ਵਿਗਿਆਨੀਆਂ ਨੇ ਬਾਂਦਰਾਂ ’ਤੇ ਨੋਵਲ ਕਰੋਨਾਵਾਇਰਸ ਨੂੰ ਲੈ ਕੇ ਕੀਤੇ ਇਕ ਅਧਿਐਨ ਦੌਰਾਨ ਪਤਾ ਲਾਇਆ ਹੈ ਕਿ ਸਰੀਰ ਦੀ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਪ੍ਰਣਾਲੀ ਵਿਚਲੇ ਟੀ ਸੈੱਲ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਵਿਗਿਆਨੀਆਂ ਦੀ ਇਹ ਲੱਭਤ ਕੋਵਿਡ-19 ਲਈ ਵੈਕਸੀਨ ਤਿਆਰ ਕਰਨ ਤੇ ਚਕਿੱਤਸਾ ਵਿਗਿਆਨ ਦੇ ਵਿਕਾਸ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ‘ਨੇਚਰ’ ਨਾਂ ਦੇ ਜਰਨਲ ਵਿੱਚ ਪ੍ਰਕਾਸ਼ਿਤ ਇਹ ਅਧਿਐਨ ਕੋਵਿਡ-19 ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਵਾਇਰਸ ‘ਸਾਰਸ-ਕੋਵ-2’ ਤੋਂ ਸੁਰੱਖਿਆ ਪ੍ਰਦਾਨ ਕਰਨ ਵਿੱਚ ਐਂਟੀਬਾਡੀਜ਼ ਤੇ ਇਮਿਊਨ ਸੈੱਲਾਂ ਦੀ ਭੂਮਿਕਾ ’ਤੇ ਚਾਨਣਾ ਪਾਉਂਦਾ ਹੈ। ਅਮਰੀਕਾ ਵਿੱਚ ਬੈੱਥ ਇਸਰਾਇਲ ਡੈਕਨੈੱਸ ਮੈਡੀਕਲ ਸੈਂਟਰ (ਬੀਆਈਡੀਐੱਮਸੀ) ਤੋਂ ਇਸ ਅਧਿਐਨ ਦੇ ਸਹਿ-ਲੇਖਕ ਡੈਨ ਬਾਰੌਸ਼ ਨੇ ਕਿਹਾ, ‘ਇਸ ਅਧਿਐਨ ਵਿੱਚ ਅਸੀਂ ਬਾਂਦਰਾਂ ਵਿੱਚ ਕੋਵਿਡ-19 ਤੋਂ ਸੁਰੱਖਿਆ ਲਈ ਐਂਟੀਬਾਡੀਜ਼ ਬਨਾਮ ਟੀ.ਸੈੱਲਾਂ ਦੀ ਭੂਮਿਕਾ ਦਾ ਅਧਿਐਨ ਕੀਤਾ ਹੈ। ਸਾਡਾ ਇਹ ਮੰਨਣਾ ਹੈ ਕਿ ਵਾਇਰਸ ਤੋਂ ਸੁਰੱਖਿਆ ਲਈ ਖੂਨ ਵਿੱਚ ਐਂਟੀਬਾਡੀਜ਼ ਦਾ ਕੇਂਦਰੀਕਰਨ ਲੋੜੀਂਦਾ ਹੈ। ਅਜਿਹਾ ਗਿਆਨ ਅਗਲੀ ਪੀੜ੍ਹੀ ਦੀ ਵੈਕਸੀਨ ਤੇ ਐਂਟੀਬਾਡੀਜ਼ ਆਧਾਰਿਤ ਚਕਿਤਸਾ ਵਿਗਿਆਨ ਵਿਕਸਤ ਕਰਨ ਤੇ ਲੋਕਾਂ ਦੀ ਸਿਹਤ ਨਾਲ ਜੁੜੀ ਰਣਨੀਤੀ ਘੜਨ ਲਈ ਅਹਿਮ ਸਾਬਤ ਹੋ ਸਕਦੀ ਹੈ।’ -ਪੀਟੀਆਈ