ਦਮਿਸ਼ਕ, 26 ਮਈ
ਜੰਗ ਦੀ ਮਾਰ ਸਹਿ ਰਹੇ ਸੀਰੀਆ ਦੀ ਸਰਕਾਰ ਦੇ ਕੰਟਰੋਲ ਵਾਲੇ ਇਲਾਕਿਆਂ ਵਿੱਚ ਲੋਕ ਅੱਜ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਚੋਣ ਵਿੱਚ ਵੋਟਿੰਗ ਕਰਨ ਲਈ ਮਤਦਾਨ ਕੇਂਦਰਾਂ ’ਤੇ ਪੁੱਜੇ। ਆਸ ਹੈ ਕਿ ਰਾਸ਼ਟਰਪਤੀ ਬਸ਼ਰ ਅਸਦ ਨੂੰ ਚੌਥੀ ਵਾਰ ਸੱਤ ਸਾਲਾਂ ਦਾ ਕਾਰਜਕਾਲ ਮਿਲ ਸਕਦਾ ਹੈ। ਦਸ ਵਰ੍ਹੇ ਪਹਿਲਾਂ ਦੇਸ਼ ਵਿੱਚ ਸੰਘਰਸ਼ ਸ਼ੁਰੂ ਹੋਇਆ ਸੀ ਤੇ ਇਹ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਦੂਜੀ ਚੋਣ ਹੈ। ਹਾਲਾਂਕਿ ਵਿਰੋਧੀ ਦਲਾਂ ਤੇ ਪੱਛਮੀ ਮੁਲਕਾਂ ਨੇ ਇਸ ਚੋਣ ਨੂੰ ਰੱਦ ਕਰ ਦਿੱਤਾ ਹੈ। ਪੰਜ ਦਹਾਕਿਆਂ ਤੋਂ ਇਸ ਅਹੁਦੇ ’ਤੇ ਅਸਦ ਦੇ ਪਰਿਵਾਰ ਦੇ ਮੈਂਬਰ ਹੀ ਕਾਬਜ਼ ਰਹੇ ਹਨ। ਰਾਸ਼ਟਰਪਤੀ ਦੇ ਅਹੁਦੇ ਲਈ ਇਸ ਵਾਰ ਦੋ ਹੋਰ ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਦੇ ਨਾਂ ਅਬਦੁੱਲਾ ਸਲੌਮ ਅਬਦੁੱਲਾ ਤੇ ਮਹਿਮੂਦ ਅਹਿਮਦ ਮੈਰੀ ਹਨ ਪਰ ਇਹ ਮੁਕਾਬਲਾ ਸੰਕੇਤਕ ਹੀ ਜਾਪਦਾ ਹੈ। ਸਵੇਰੇ ਸੱਤ ਵਜੇ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦਮੱਸ਼ਕ ਦੇ ਮਤਦਾਨ ਕੇਂਦਰਾਂ ’ਤੇ ਵੋਟ ਪਾਉਣ ਲਈ ਪੁੱਜੇ। ਇੱਥੋਂ ਦੀਆਂ ਸੜਕਾਂ ’ਤੇ ਹਰ ਪਾਸੇ ਅਸਦ ਦੇ ਸਮਰਥਨ ਵਿੱਚ ਪੋਸਟਰ ਤੇ ਬੈਨਰ ਲੱਗੇ ਵਿਖਾਈ ਦੇ ਰਹੇ ਹਨ। ਕਿਤੇ-ਕਿਤੇ ਹੋਰ ਉਮੀਦਵਾਰ ਦਾ ਪੋਸਟਰ ਵੀ ਵਿਖਾਈ ਦੇ ਜਾਂਦਾ ਹੈ। ਉੱਤਰ-ਪੂਰਬੀ ਸੀਰੀਆ ਵਿੱਚ ਵੋਟਿੰਗ ਨਹੀਂ ਹੋਵੇਗੀ ਕਿਉਂਕਿ ਇੱਥੇ ਅਮਰੀਕਾ ਦੇ ਸਮਰਥਨ ਵਾਲੇ ਕੁਰਦ ਲੜਾਕਿਆਂ ਦਾ ਕੰਟਰੋਲ ਹੈ ਤੇ ਨਾ ਹੀ ਉੱਤਰ-ਪੱਛਮੀ ਇਦਲਬਿ ਪ੍ਰਾਂਤ ਵਿੱਚ ਵੋਟਾਂ ਪੈਣੀਆਂ ਹਨ ਜਿੱਥੇ ਬਾਗ਼ੀਆਂ ਦਾ ਕਬਜ਼ਾ ਹੈ। ਦੂਜੇ ਪਾਸੇ ਦੱਖਣੀ ਪ੍ਰਾਂਤ ਦਾਰਾ ਤੇ ਸਵੀਡਾ ਸਮੇਤ ਸਰਕਾਰ ਦੇ ਕੰਟਰੋਲ ਵਾਲੇ ਕਈ ਖੇਤਰਾਂ ਵਿੱਚ ਵੀ ਲੋਕਾਂ ਨੇ ਵੋਟਿੰਗ ਦਾ ਬਾਈਕਾਟ ਕੀਤਾ ਹੈ।
ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਸੀਰੀਆ ਵਿੱਚ ਚੋਣਾਂ ਦੇ ਨਤੀਜਿਆਂ ਨੂੰ ਉਦੋਂ ਤੱਕ ਮਾਨਤਾ ਨਹੀਂ ਦੇਵੇਗਾ ਜਦੋਂ ਤੱਕ ਕਿ ਸੰਯੁਕਤ ਰਾਸ਼ਟਰ ਤੇ ਸੀਰੀਆਈ ਸਮਾਜ ਦੇ ਸਾਰੇ ਪ੍ਰਤੀਨਿਧੀਆਂ ਦੀ ਨਿਗਰਾਨੀ ਹੇਠ ਨਿਰਪੱਖ ਚੋਣਾਂ ਨਹੀਂ ਹੁੰਦੀਆਂ। ਵਿਦੇਸ਼ਾਂ ਵਿੱਚ ਰਹਿਣ ਵਾਲੇ ਸੀਰੀਆਈ ਲੋਕਾਂ ਨੇ ਪਿਛਲੇ ਹਫ਼ਤੇ ਵੋਟਿੰਗ ਕੀਤੀ ਸੀ। ਇੱਥੇ ਸਾਲ 2000 ਤੋਂ ਅਸਦ ਸੱਤਾ ’ਚ ਹਨ। ਇਸ ਤੋਂ ਪਹਿਲਾਂ 30 ਸਾਲਾਂ ਤੱਕ ਉਨ੍ਹਾਂ ਦੇ ਪਿਤਾ ਹਾਫੇਜ਼ ਦਾ ਸ਼ਾਸਨ ਸੀ। -ਏਪੀ