ਦਮਸ਼ਕ, 3 ਜਨਵਰੀ
ਦਹਿਸ਼ਤਗਰਦਾਂ ਵੱਲੋਂ ਕੇਂਦਰੀ ਸੀਰੀਆ ਦੇ ਮਾਰੂਥਲ ’ਚੋਂ ਲੰਘਦੇ ਸ਼ਾਹਰਾਹ ’ਤੇ ਸਲਾਮਤੀ ਦਸਤਿਆਂ ਦੀ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਵਿੱਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਹਲਾਕ ਤੇ 10 ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਖ਼ਬਰ ਏਜੰਸੀ ਸਾਨਾ ਨੇ ਕਿਹਾ ਕਿ ਹਮਲਾ ਐਤਵਾਰ ਰਾਤ ਨੂੰ ਸਰਕਾਰ ਦੇ ਕੰਟਰੋਲ ਵਾਲੇ ਇਲਾਕੇ ਵਿੱਚ ਹੋਇਆ। ਰਿਪੋਰਟ ਵਿੱਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦਹਿਸ਼ਤਗਰਦਾਂ ਨੇ ਪਲਮਾਇਰਾ ਮਾਰੂਥਲ ਵਿੱਚ ਰਾਕੇਟਾਂ ਨਾਲ ਬੱਸ ਨੂੰ ਨਿਸ਼ਾਨਾ ਬਣਾਇਆ ਤੇ ਮਗਰੋਂ ਜਹਾਜ਼ ਨੂੰ ਫੁੰਡਣ ਵਾਲੇ ਹਥਿਆਰ ਨਾਲ ਫਾਇਰਿੰਗ ਕੀਤੀ। ਅਧਿਕਾਰੀਆਂ ਨੇ ਹਮਲੇ ਲਈ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਸਾਲ 2019 ਵਿੱਚ ਮੁਲਕ ਤੋਂ ਆਪਣਾ ਕੰਟਰੋਲ ਗੁਆਉਣ ਮਗਰੋਂ ਆਈਐੱਸ ਦਹਿਸ਼ਤਗਰਦ ਦੱਖਣੀ ਤੇ ਕੇਂਦਰੀ ਸੀਰੀਆ ਵਿੱਚ ਸਰਗਰਮ ਹਨ। ਖ਼ਬਰ ਏਜੰਸੀ ਨੇ ਕਿਹਾ ਕਿ ਦਹਿਸ਼ਤਗਰਦ ਕੇਂਦਰੀ ਸੀਰੀਆ ਨਾਲ ਜੁੜਦੇ ਹਾਈਵੇਅ ’ਤੇ ਬੱਸਾਂ ਨੂੰ ਅਕਸਰ ਨਿਸ਼ਾਨਾ ਬਣਾਉਂਦੇ ਹਨ। -ਏਪੀ