ਗੁਰਚਰਨ ਸਿੰਘ ਕਾਹਲੋਂ
ਸਿਡਨੀ, 4 ਦਸੰਬਰ
ਇਥੇ ਅੱਜ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅਤੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਭਾਰਤੀ ਦੂਤਘਰ ਦੇ ਦਫ਼ਤਰ ਸਾਹਮਣੇ ਇਕੱਠੇ ਹੋਏ ਲੋਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਏ। ਮੁਜ਼ਾਹਰਾਕਾਰੀਆਂ ਨੇ ਭਾਰਤ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਐੱਨਡੀਏ ਦੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੂੰ ਕਿਸਾਨ ਤੇ ਲੋਕ ਵਿਰੋਧੀ ਕਰਾਰ ਦਿੱਤਾ।
ਬੁਲਾਰਿਆਂ ਨੇ ਕਿਹਾ ਕਿ ਉਹ ਆਪਣੇ ਵਿਚਾਰ ਭਾਰਤ ਸਰਕਾਰ ਤੱਕ ਪਹੁੰਚਾ ਰਹੇ ਹਨ ਕਿ ਉਹ ਬਿਨਾਂ ਦੇਰੀ ਦੇ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਸ ਲਵੇ।
ਐਡੀਲੇਡ (ਬਚਿੱਤਰ ਕੁਹਾੜ): ਇਥੇ ਵਿਕਟੋਰੀਆ ਪਾਰਕ ਵਿੱਚ ਪਰਵਾਸੀ ਭਾਰਤੀ ਪਾੜਿ੍ਹਆਂ ਵੱਲੋਂ ਭਾਰਤ ਸਰਕਾਰ ਵਿਰੁੱਧ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ’ਤੇ ਜਬਰੀ ਥੋਪੇ ਜਾ ਰਹੇ ਖੇਤੀ ਕਾਨੂੰਨ ਰੱਦ ਕਰਾਉਣ ਸਬੰਧੀ ਬੈਨਰ ਤੇ ਤਖ਼ਤੀਆਂ ਫੜ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਉਹ ਉਚੇਰੀ ਸਿੱਖਿਆ ਅਤੇ ਬਿਹਤਰ ਸਹੂਲਤਾਂ ਲਈ ਵਿਦੇਸ਼ਾਂ ਵਿੱਚ ਆਏ ਹਨ, ਪਰ ਉਨ੍ਹਾਂ ਦੀਆਂ ਜੜ੍ਹਾਂ ਆਪਣੇ ਵਤਨ ਅਤੇ ਜ਼ਮੀਨ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਜੜ੍ਹਾਂ, ਆਪਣੇ ਵਤਨ ਨੂੰ ਬਚਾਉਣ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਰਤ ਸਰਕਾਰ ’ਤੇ ਦਬਾਅ ਬਣਾਉਣ ਵਾਸਤੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਅਪਣਾਏ ਜਾ ਰਹੇ ਰਵੱਈਏ ਦੀ ਨਿਖੇਧੀ ਕੀਤੀ। ਲੇਖਕਾ ਗੁਰਪ੍ਰੀਤ ਕੌਰ ਭੰਗੂ ਨੇ ਕਵਿਤਾ ਰਾਹੀਂ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਯਾਦ ਕਰਦਿਆਂ ਨੌਜਵਾਨਾਂ ’ਚ ਜੋਸ਼ ਭਰਿਆ।
ਕਬੱਡੀ ਫੈਡਰੇਸ਼ਨ ਕਰੇਗੀ ਬੇਬੇ ਮਹਿੰਦਰ ਕੌਰ ਦਾ ਸਨਮਾਨ
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ): ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਜਿੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਅੰਤ ਤੱਕ ਕਿਸਾਨਾਂ ਨਾਲ ਡਟੇ ਰਹਿਣ ਦੇ ਨਾਲ-ਨਾਲ ਬੇਬੇ ਮਹਿੰਦਰ ਕੌਰ (78) ਨੂੰ ਸ਼ੁੱਧ ਸੋਨੇ ਦੇ ਤਗਮੇ ਨਾਲ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਟਵਿੱਟਰ ’ਤੇ ਕੂੜ ਪ੍ਰਚਾਰ ਕੀਤਾ ਸੀ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬੇਬੇ ਮਹਿੰਦਰ ਕੌਰ 100 ਰੁਪਏ ਦਿਹਾੜੀ ਲੈ ਕੇ ਕਿਸਾਨ ਸੰਘਰਸ਼ ’ਚ ਸ਼ਾਮਲ ਹੋਈ ਹੈ। ਇਸ ਗੱਲ ਦਾ ਪੂਰੀ ਦੁਨੀਆਂ ’ਚ ਨੋਟਿਸ ਲਿਆ ਗਿਆ ਅਤੇ ਬੇਬੇ ਕਿਸਾਨ ਸੰਘਰਸ਼ ਦੀ ਪ੍ਰਤੀਕ ਬਣਕੇ ਉੱਭਰੀ। ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਮਨਜਿੰਦਰ ਸਿੰਘ ਬਾਸੀ ਨੇ ਦੱਸਿਆ ਕਿ ਕਿਹਾ ਕਿ ਬੇਬੇ ਮਹਿੰਦਰ ਕੌਰ ਦੀ ਦ੍ਰਿੜਤਾ ਅਤੇ ਹੌਸਲੇ ਅੱਗੇ ਇਹ ਸਨਮਾਨ ਬਹੁਤ ਛੋਟਾ ਹੈ। ਉਹ ਬੇਬੇ ਨੂੰ ਕਿਸਾਨ ਸੰਘਰਸ਼ ਦੀ ਪ੍ਰਤੀਕ ਮੰਨਦੇ ਹਨ। ਫੈਡਰੇਸ਼ਨ ਅਨੁਸਾਰ ਆਉਂਦੇ ਕੁਝ ਦਿਨਾਂ ਵਿੱਚ ਬੇਬੇ ਮਹਿੰਦਰ ਕੌਰ ਦਾ ਸਨਮਾਨ ਉਨ੍ਹਾਂ ਦੇ ਘਰ ਜਾ ਕੇ ਕੀਤਾ ਜਾਵੇਗਾ। ਫੈਡਰੇਸ਼ਨ ਕਿਸਾਨ ਅੰਦੋਲਨ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਆਮ ਕਾਰਕੁਨਾਂ ਦਾ ਸਨਮਾਨ ਕਰਨ ਦਾ ਵੀ ਐਲਾਨ ਕੀਤਾ ਹੈ।