ਲੰਡਨ, 27 ਜਨਵਰੀ
ਮਾਈਕਰੋਸਾਫ਼ਟ ਦੇ ਸਹਿ-ਸੰਸਥਾਪਕ ਤੋਂ ਸਮਾਜ ਸੇਵੀ ਬਣੇ ਬਿੱਲ ਗੇਟਸ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੌਰਾਨ ਸੋਸ਼ਲ ਮੀਡੀਆ ’ਤੇ ਉਨ੍ਹਾਂ ਖ਼ਿਲਾਫ਼ ਐਨੀ ਵੱਡੀ ਪੱਧਰ ’ਤੇ ਫੈਲਾਈਆਂ ਗਈਆਂ ਬੁਰੀਆਂ ਅਫ਼ਵਾਹਾਂ ਤੋਂ ਉਹ ਹੈਰਾਨ ਹਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਅਫ਼ਵਾਹਾਂ ਪਿਛਲੀ ਸਚਾਈ ਨੂੰ ਜੱਗ ਜ਼ਾਹਿਰ ਕਰਨਗੇ।
ਰਾਇਟਰਜ਼ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਗੇਟਸ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੌਰਾਨ ਡਰਾਉਣੀ ਮਹਾਮਾਰੀ ਤੇ ਸੋਸ਼ਲ ਮੀਡੀਆ ਦੇ ਇਸਤੇਮਾਲ ’ਚ ਵਾਧਾ ਹੋਣ ਦੇ ਸੁਮੇਲ ਕਾਰਨ ਉਨ੍ਹਾਂ ਅਤੇ ਲਾਗ ਦੀਆਂ ਬਿਮਾਰੀਆਂ ਸਬੰਧੀ ਅਮਰੀਕਾ ਦੇ ਚੋਟੀ ਦੇ ਮਾਹਿਰ ਐਂਥਨੀ ਫ਼ੌਚੀ ਖ਼ਿਲਾਫ਼ ਲੱਖਾਂ ਆਨਲਾਈਨ ਪੋਸਟਾਂ ਅਤੇ ਬੁਰੀਆਂ ਅਫ਼ਵਾਹਾਂ ਫੈਲਾਈਆਂ ਗਈਆਂ। ਇਕ ਸਾਲ ਪਹਿਲਾਂ ਕਰੋਨਾਵਾਇਰਸ ਮਹਾਮਾਰੀ ਸ਼ੁਰੂ ਹੋਣ ਵੇਲੇ ਇੰਟਰਨੈੱਟ ’ਤੇ ਲੱਖਾਂ ਦੀ ਗਿਣਤੀ ਵਿੱਚ ਅਫ਼ਵਾਹਾਂ ਉਡਾਈਆਂ ਗਈਆਂ ਜਿਸ ਨਾਲ ਕਰੋਨਾਵਾਇਰਸ, ਇਸ ਦੇ ਸ਼ੁਰੂ ਹੋਣ ਅਤੇ ਇਸ ਖ਼ਿਲਾਫ਼ ਲੜਾਈ ਵਿੱਚ ਕੰਮ ਕਰਨ ਵਾਲਿਆਂ ਦੇ ਮਕਸਦ ਬਾਰੇ ਗਲਤ ਸੂਚਨਾਵਾਂ ਦਾ ਹੜ੍ਹ ਆ ਗਿਆ ਸੀ।
ਗੇਟਸ ਨੇ ਕਿਹਾ, ‘‘ਇਨ੍ਹਾਂ ਅਫ਼ਵਾਹਾਂ ਵਿੱਚ ਕਿਹਾ ਗਿਆ ਸੀ ਕਿ ਡਾ. ਫੌਚੀ ਤੇ ਗੇਟਸ ਵੱਲੋਂ ਇਹ ਮਹਾਮਾਰੀ ਬਣਾਈ ਗਈ ਹੈ ਤੇ ਉਹ ਇਸ ਮਹਾਮਾਰੀ ਤੋਂ ਲਾਭ ਕਮਾਉਣਾ ਅਤੇ ਵੈਕਸੀਨ ਨੂੰ ਲੋਕਾਂ ਅੰਦਰ ਟਰੈਕ ਕੀਤੀ ਜਾ ਸਕਣ ਵਾਲੀ ਮਾਈਕ੍ਰੋਚਿੱਪ ਪਾਉਣ ਲਈ ਇਸਤੇਮਾਲ ਕਰਨਾ ਚਾਹੁੰਦੇ ਹਨ।’’ ਉਨ੍ਹਾਂ ਸਵਾਲ ਕੀਤਾ, ‘‘ਪਰ ਕੀ ਲੋਕ ਸੱਚਮੁੱਚ ਇਨ੍ਹਾਂ ਅਫ਼ਵਾਹਾਂ ’ਤੇ ਵਿਸ਼ਵਾਸ ਕਰਦੇ ਹਨ।’’ -ਰਾਇਟਰਜ਼