ਮਿੰਸਕ, 16 ਅਗਸਤ
ਸੈਂਕੜੇ ਲੋਕਾਂ ਨੇ ਅੱਜ ਬੇਲਾਰੂਸ ਦੀ ਮੁੱਖ ਸਰਕਾਰੀ ਇਮਾਰਤ ਨੇੜਲੇ ਚੌਕ ਵਿੱਚ ਇਕੱਤਰ ਹੋ ਕੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਦੀ ਹਮਾਇਤ ਵਿੱਚ ਰੈਲੀ ਕੀਤੀ। ਉਧਰ ਪਿਛਲੇ ਇਕ ਹਫ਼ਤੇ ਤੋਂ ਸੜਕਾਂ ’ਤੇ ਉਤਰੇ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਨੇ ਰਾਜਧਾਨੀ ਵਿੱੱਚ ਵੱਡਾ ਮਾਰਚ ਕੱਢਣ ਦੀ ਤਿਆਰੀ ਖਿੱਚ ਲਈ ਹੈ। 9 ਅਗਸਤ ਨੂੰ ਰਾਸ਼ਟਰਪਤੀ ਚੋਣਾਂ ਦੇ ਮੁੱਕਣ ਮਗਰੋਂ ਪ੍ਰਦਰਸ਼ਨਾਂ ਨੇ ਜ਼ੋਰ ਫੜ ਲਿਆ ਸੀ। ਅਧਿਕਾਰਤ ਨਤੀਜਿਆਂ ਮੁਤਾਬਕ 1994 ਤੋਂ ਸੱਤਾ ’ਤੇ ਕਾਬਜ਼ ਲੁਕਾਸ਼ੈਂਕੋ, 80 ਫੀਸਦ ਦੇ ਕਰੀਬ ਵੋਟਾਂ ਨਾਲ ਲਗਾਤਾਰ 6ਵੀਂ ਵਾਰ ਜਿੱਤ ਗਏ ਹਨ। ਉਧਰ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਚੋਣਾਂ ਮਹਿਜ਼ ਇਕ ਦਿਖਾਵਾ ਸੀ ਤੇ ਨਤੀਜਿਆਂ ਨਾਲ ਕਥਿਤ ਛੇੜਛਾੜ ਕੀਤੀ ਗਈ ਹੈ। ਪ੍ਰਦਰਸ਼ਨਾਂ ਦੌਰਾਨ ਹੁਣ ਤਕ ਸੱਤ ਹਜ਼ਾਰ ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। -ਏਪੀ