ਟੋਕੀਓ, 8 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਤੇ ਜਾਪਾਨ ਵਿਸ਼ੇਸ਼ ਰਣਨੀਤਕ ਤੇ ਆਲਮੀ ਭਾਈਵਾਲੀ ਦੀ ਪੈਰਵੀ ਕਰਦੇ ਹਨ, ਜੋ ਕਿ ਸੁਤੰਤਰ, ਮੋਕਲੇ, ਨੇਮ ਆਧਾਰਿਤ ਅਤੇ ਸੰਮਲਿਤ ਹਿੰਦ-ਪ੍ਰਸ਼ਾਂਤ ਖਿੱਤੇ ਲਈ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਂਤ ਭਾਈਵਾਲੀ ਮੁਲਕਾਂ ਦੀ ਪ੍ਰਭੂਸੱਤਾ ਤੇ ਪ੍ਰਾਦੇਸ਼ਕ ਅਖੰਡਤਾ ’ਤੇ ਆਧਾਰਿਤ ਹੈ। ਚੀਨ ਵੱਲੋਂ ਖਿੱਤੇ ਵਿੱਚ ਆਪਣੀ ਫੌਜੀ ਤਾਕਤ ਵਧਾਉਣ ਕਰਕੇ ਇਹ ਭਾਈਵਾਲੀ ਹੋਰ ਵੀ ਅਹਿਮ ਹੋ ਜਾਂਦੀ ਹੈ। ਸਿੰਘ ਇਥੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਆਪਣੇ ਜਾਪਾਨੀ ਹਮਰੁਤਬਾਵਾਂ ਨਾਲ 2+2 ਸੰਵਾਦ ਵਿੱਚ ਸ਼ਿਰਕਤ ਕਰਨ ਮੌਕੇ ਬੋਲ ਰਹੇ ਸਨ। ਜਾਪਾਨ ਦੀ ਨੁਮਾਇੰਦਗੀ ਰੱਖਿਆ ਮੰਤਰੀ ਯਾਸੁਕਾਜ਼ੂ ਹਾਮਾਦਾ ਤੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸੀ ਨੇ ਕੀਤੀ। ਦੋਵਾਂ ਧਿਰਾਂ ਨੇ ਸਾਂਝੇ ਹਿੱਤਾਂ ਵਾਲੇ ਦੁਵੱਲੇ ਤੇ ਖੇਤਰੀ ਮੁੱਦਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ 2+2 ਸੰਵਾਦ ਦੋਵਾਂ ਧਿਰਾਂ ਕੋਲ ਅਹਿਮ ਮੁੱਦਿਆਂ, ਖੇਤਰੀ ਤੇ ਆਲਮੀ ਉੱਤੇ ਵਿਚਾਰ ਚਰਚਾ ਸਾਂਝਿਆਂ ਕਰਨ ਦਾ ਮੌਕਾ ਹੈ। ਉਨ੍ਹਾਂ ਕੌਮਾਂਤਰੀ ਕਾਨੂੰਨ ਮੁਤਾਬਕ ਝਗੜਿਆਂ ਦੇ ਸ਼ਾਂਤੀਪੂਰਨ ਹੱਲ ਦੀ ਲੋੜ ’ਤੇ ਸਹਿਮਤੀ ਦਿੱਤੀ। ਸਿੰਘ ਨੇ ਕਿਹਾ, ‘‘ਏਸ਼ੀਆ ਦੀਆਂ ਦੋ ਸੰਪੰਨ ਜਮਹੂਰੀਅਤਾਂ ਹੋਣ ਕਰਕੇ ਅਸੀਂ ਵਿਸ਼ੇਸ਼ ਰਣਨੀਤਕ ਤੇ ਆਲਮੀ ਭਾਈਵਾਲੀ ਦੀ ਵਕਾਲਤ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਭਾਰਤ ਦੀ ਹਿੰਦ-ਪ੍ਰਸ਼ਾਂਤ ਸਾਗਰੀ ਪਹਿਲੀਕਦਮੀ (ਆਈਪੀਓਆਈ) ਅਤੇ ਜਾਪਾਨ ਦਾ ਮੁਕਤ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ (ਐੱਫਓਆਈਪੀ) ਕਈ ਸਮਾਨਤਾਵਾਂ ਸਾਂਝੀਆਂ ਕਰਦੇੇ ਹਨ। ਭਾਰਤੀ ਰੱਖਿਆ ਮੰਤਰੀ ਨੇ ਕਿਹਾ, ‘‘ਦੋਵੇਂ ਧਿਰਾਂ ਇਸ ਗੱਲੋਂ ਇਕਮੱਤ ਹਨ ਕਿ ਮਜ਼ਬੂਤ ਭਾਰਤ-ਜਾਪਾਨ ਰਿਸ਼ਤੇ ਸੁਤੰਤਰ, ਮੋਕਲੇ, ਨੇਮ-ਆਧਾਰਿਤ ਤੇ ਸੰਮਲਿਤ ਹਿੰਦ-ਪ੍ਰਸ਼ਾਂਤ ਖਿੱਤੇ ਲਈ ਅਹਿਮ ਹੈ, ਜੋ ਮੁਲਕਾਂ ਦੀ ਪ੍ਰਭੂਸੱਤਾ ਤੇ ਪ੍ਰਦੇਸ਼ਕ ਅਖੰਡਤਾ ’ਤੇ ਆਧਾਰਿਤ ਹੈ।’’ ਉਨ੍ਹਾਂ ਕਿਹਾ ਕਿ ਆਸੀਆਨ ਨਾਲ ਭਾਰਤ ਦੇ ਰਿਸ਼ਤੇ ਉਸ ਦੀ ਵਿਦੇਸ਼ ਨੀਤੀ ਦਾ ਵਿਸ਼ੇਸ਼ ਆਧਾਰ ਹਨ। ਉਨ੍ਹਾਂ ਜਾਪਾਨ ਦੀ ਰੱਖਿਆ ਕੰਪਨੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤੀ ਰੱਖਿਆ ਲਾਂਘਿਆਂ ਵਿੱਚ ਨਿਵੇਸ਼ ਦੇ ਮੌਕਿਆਂ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਮੌਜੂਦਾ ਸਾਲ ਦੋਵਾਂ ਮੁਲਕਾਂ ਲਈ ਬਹੁਤ ਅਹਿਮ ਹੈ, ਕਿਉਂਕਿ ਉਨ੍ਹਾਂ ਦੇ ਕੂਟਨੀਤਕ ਰਿਸ਼ਤਿਆਂ ਦੀ ਸਥਾਪਤੀ ਨੂੰ 70 ਸਾਲ ਪੂਰੇ ਹੋ ਗਏ ਹਨ। ਦੋਵਾਂ ਧਿਰਾਂ ਨੇ ਗੱਲਬਾਤ ਦੌਰਾਨ ਸਾਂਝੇ ਹਿੱਤਾਂ ਵਾਲੇ ਦੁਵੱਲੇ ਤੇ ਖੇਤਰੀ ਮੁੱਦਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ। ਸਿੰਘ ਨੇ ਜਾਪਾਨ ਦੇ ਮੰਤਰੀਆਂ ਹਯਾਸ਼ੀ ਤੇ ਹਮਾਦਾ ਦਾ ਇਸ ਉਸਾਰੂ ਵਿਚਾਰ ਚਰਚਾ ਲਈ ਧੰਨਵਾਦ ਕੀਤਾ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਦੀ ਸਾਲਾਨਾ ਭਾਰਤ-ਜਾਪਾਨ ਸਿਖਰ ਵਾਰਤਾ ਲਈ ਭਾਰਤ ਫੇਰੀ ਤੋਂ ਪੰਜ ਮਹੀਨਿਆਂ ਬਾਅਦ ਦੋਵਾਂ ਮੁਲਕਾਂ ਵਿੱਚ 2+2 ਸੰਵਾਦ ਹੋਇਆ ਹੈ। -ਪੀਟੀਆਈ
ਦੁਵੱਲੇ ਰੱਖਿਆ ਸਹਿਯੋਗ ਦੇ ਨਾਲ ਵਾਧੂ ਫੌਜੀ ਮਸ਼ਕਾਂ ਲਈ ਸਹਿਮਤੀ
2+2 ਸੰਵਾਦ ਦੌਰਾਨ ਭਾਰਤ ਤੇ ਜਪਾਨ ਨੇ ਦੁਵੱਲੇ ਰੱਖਿਆ ਸਹਿਯੋਗ ਨੂੰ ਵਧਾਉਣ ਦੇ ਨਾਲ ਵਾਧੂ ਫ਼ੌਜੀ ਮਸ਼ਕਾਂ ਦੀ ਸਹਿਮਤੀ ਦਿੱਤੀ ਹੈ। ਇਨ੍ਹਾਂ ਵਿੱਚ ਜੰਗੀ ਜਹਾਜ਼ਾਂ ਦੀ ਸਾਂਝੀ ਮਸ਼ਕ ਵੀ ਸ਼ਾਮਲ ਹੈ। ਦੋਵਾਂ ਮੁਲਕਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਸ਼ੇਸ਼ ਰਣਨੀਤਕ ਰਿਸ਼ਤਿਆਂ ਦੀ ਸੁਤੰਤਰ, ਮੋਕਲੇ ਤੇ ਨੇਮ-ਆਧਾਰਿਤ ਹਿੰਦ-ਪ੍ਰਸ਼ਾਂਤ ਖਿੱਤਾ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਹੈ। ਸਿੰਘ ਨੇ ਜਾਪਾਨ ਦੇ ਹਮਰੁਤਬਾ ਯਾਸੁਕਾਜ਼ੂ ਨਾਲ ਡੇਢ ਘੰਟੇ ਦੇ ਕਰੀਬ ਮੀਟਿੰਗ ਕੀਤੀ।