ਮੁੱਖ ਅੰਸ਼
- ਅਜੇ ਮੋਰਡੌਂਟ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਪੇਸ਼ ਕੀਤੀ
ਲੰਡਨ, 22 ਅਕਤੂਬਰ
ਰਿਸ਼ੀ ਸੂਨਕ ਦੇ ਹਮਾਇਤੀਆਂ ਨੇ ਅੱਜ ਦਾਅਵਾ ਕੀਤਾ ਹੈ ਕਿ ਭਾਰਤੀ ਮੂਲ ਦੇ ਸਾਬਕਾ ਚਾਂਸਲਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਲੋੜੀਂਦੇ ਸੌ ਸੰਸਦ ਮੈਂਬਰਾਂ ਦੀ ਹਮਾਇਤ ਹਾਸਲ ਕਰ ਲਈ ਹੈ। ਸੂਨਕ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਵਜੋਂ ਲਿਜ਼ ਟਰੱਸ ਦੀ ਥਾਂ ਲੈਣ ਦੀ ਦੌੜ ’ਚ ਹਨ। ਇਸ 42 ਸਾਲਾ ਆਗੂ ਦੇ ਹਮਾਇਤੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਧਰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕੈਰੇਬਿਆਈ ਦੇਸ਼ ’ਚ ਛੁੱਟੀਆਂ ਮਨਾ ਕੇ ਵਾਪਸ ਬਰਤਾਨੀਆ ਆ ਗਏ ਹਨ ਤੇ ਉਹ ਜਲਦੀ ਹੀ ਪ੍ਰਧਾਨ ਮੰਤਰੀ ਦੀ ਦੌੜ ’ਚ ਸ਼ਾਮਲ ਹੋਣ ਲਈ ਆਪਣੀ ਮੁਹਿੰਮ ਸ਼ੁਰੂ ਕਰ ਸਕਦੇ ਹਨ। ਹਾਲਾਂਕਿ ਰਿਸ਼ੀ ਸੁਨਕ ਜਾਂ ਬੋਰਿਸ ਜੌਹਨਸਨ ’ਚੋਂ ਕਿਸੇ ਨੇ ਵੀ ਅਧਿਕਾਰਤ ਤੌਰ ’ਤੇ ਇਸ ਚੋਣ ’ਚ ਸ਼ਾਮਲ ਹੋਣ ਦਾ ਐਲਾਨ ਨਹੀਂ ਕੀਤਾ। ਹੁਣ ਤੱਕ ਸਿਰਫ਼ ਹਾਊਸ ਆਫ ਕਾਮਨਜ਼ ਦੇ ਆਗੂ ਪੈਨੀ ਮੋਰਡੌਂਟ ਹੀ ਇਕੱਲੇ ਉਮੀਦਵਾਰ ਹਨ ਜਿਨ੍ਹਾਂ ਅਧਿਕਾਰਤ ਤੌਰ ’ਤੇ ਚੋਣ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਟੋਰੀ ਪਾਰਟੀ ਦੇ ਕੁਝ ਮੰਤਰੀਆਂ ਤੇ ਟੋਰੀ ਪਾਰਟੀ ਦੇ ਅਲੱਗ-ਥਲੱਗ ਪਏ ਧੜਿਆਂ ਦੇ ਕੁਝ ਸੰਸਦ ਮੈਂਬਰਾਂ ਦੀ ਹਮਾਇਤ ਮਿਲੀ ਹੈ। ਸਾਬਕਾ ਉੱਪ ਪ੍ਰਧਾਨ ਮੰਤਰੀ ਡੋਮੀਨਿਕ ਰਾਬ ਨੇ ਕਿਹਾ, ‘ਗਰਮੀਆਂ ’ਚ ਰਿਸ਼ੀ ਕੋਲ ਸਹੀ ਯੋਜਨਾ ਸੀ ਅਤੇ ਮੈਨੂੰ ਲਗਦਾ ਹੈ ਕਿ ਹੁਣ ਵੀ ਇਹ ਸਹੀ ਯੋਜਨਾ ਹੈ। ਮੈਨੂੰ ਲੱਗਦਾ ਹੈ ਕਿ ਕੁਝ ਸਥਿਰਤਾ ਲਿਆਉਣ, ਲੱਖਾਂ ਵਰਕਰਾਂ ਨੂੰ ਭਰੋਸਾ ਦਿਵਾਉਣ ਅਤੇ ਦੇਸ਼ ’ਚ ਵਪਾਰ ਨੂੰ ਉਤਸ਼ਾਹ ਦੇਣ ਲਈ ਉਹ ਯੋਗ ਉਮੀਦਵਾਰ ਹਨ।’ ਉਨ੍ਹਾਂ ਬੋਰਿਸ ਜੌਹਨਸਨ ਦੀ ਵਾਪਸੀ ਖ਼ਿਲਾਫ਼ ਚਿਤਾਵਨੀ ਦਿੱਤੀ ਕਿ ਬਰਤਾਨੀਆ ਦੀ ਸੰਸਦ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਨ੍ਹਾਂ ਲੌਕਡਾਊਨ ਕਾਨੂੰਨ ਤੋੜਨ ਵਾਲੀਆਂ ਪਾਰਟੀਆਂ ਦੇ ਮੁੱਦੇ ’ਤੇ ਕਾਮਨਜ਼ ਨੂੰ ਗੁੰਮਰਾਹ ਕੀਤਾ ਸੀ। ਉਨ੍ਹਾਂ ਕਿਹਾ, ‘ਅਸੀਂ ਪਿੱਛੇ ਨਹੀਂ ਜਾ ਸਕਦੇ। ਅਸੀਂ ਪਾਰਟੀਗੇਟ ਜਿਹਾ ਫਿਰ ਕੋਈ ਦੂਜਾ ਕਾਂਡ ਨਹੀਂ ਚਾਹੁੰਦੇ। ਅਸੀਂ ਦੇਸ਼ ਤੇ ਸਰਕਾਰ ਨੂੰ ਅੱਗੇ ਲਿਜਾਣਾ ਹੈ।’ –ਪੀਟੀਆਈ
ਪ੍ਰੀਤੀ ਪਟੇਲ ਵੱਲੋਂ ਬੋਰਿਸ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਦੀ ਹਮਾਇਤ
ਲੰਡਨ: ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਕੈਬਨਿਟ ’ਚ ਗ੍ਰਹਿ ਮੰਤਰੀ ਵਜੋਂ ਸੇਵਾਵਾਂ ਨਿਭਾਅ ਚੁੱਕੀ ਪ੍ਰੀਤੀ ਪਟੇਲ ਨੇ ਆਪਣੇ ਸਾਬਕਾ ਆਗੂ ਨੂੰ ਮੁੜ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਹਮਾਇਤ ਕੀਤੀ ਹੈ। ਭਾਰਤੀ ਮੂਲ ਦੀ ਸੰਸਦ ਮੈਂਬਰ ਪਟੇਲ ਨੇ ਪਿਛਲੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ ਦੀ ਆਗੂ ਲਿਜ਼ ਟਰੱਸ ਤੇ ਰਿਸ਼ੀ ਸੂਨਕ ਵਿਚਾਲੇ ਮੁਕਾਬਲੇ ਦੌਰਾਨ ਆਪਣੀ ਪਸੰਦ ਜ਼ਾਹਿਰ ਨਾ ਕਰਦਿਆਂ ਚੁੱਪ ਧਾਰ ਲਈ ਸੀ। ਪਰ ਹੁਣ ਪਟੇਲ ਨੇ ਕਿਹਾ ਹੈ ਕਿ ਸਾਲ 2019 ਦੀਆਂ ਆਮ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਹਨਸਨ ਨੂੰ ਲੋਕ ਫਤਵਾ ਮਿਲਿਆ ਸੀ। ਇਸ 50 ਸਾਲਾ ਆਗੂ ਨੇ ਟਵੀਟ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਸਹੀ ਵੱਡੇ ਫ਼ੈਸਲੇ ਲੈ ਕੇ ਖੁਦ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ, ‘ਬੋਰਿਸ ਕੋਲ ਸਾਡੇ ਚੋਣ ਏਜੰਡੇ ਨੂੰ ਪੂਰਾ ਕਰਨ ਦਾ ਲੋਕ ਫਤਵਾ ਹੈ। ਮੈਂ ਲੀਡਰਸ਼ਿਪ ਹਾਸਲ ਕਰਨ ਦੇ ਮੁਕਾਬਲੇ ’ਚ ਜੌਹਨਸਨ ਦੀ ਹਮਾਇਤ ਕਰਦੀ ਹਾਂ।’ -ਪੀਟੀਆਈ
ਬੋਰਿਸ ਜੌਹਨਸਨ ਕੋਲ ਲੋੜੀਂਦੀ ਹਮਾਇਤ: ਡੁਡਰਿੱਜ
ਲੰਡਨ: ਕੰਜ਼ਰਵੇਟਿਵ ਸੰਸਦ ਮੈਂਬਰ ਤੇ ਬੋਰਿਸ ਜੌਹਨਸਨ ਦੇ ਸਾਥੀ ਜੇਮਸ ਡੁਡਰਿੱਜ ਨੇ ਅੱਜ ਕਿਹਾ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੀ ਦੌੜ ’ਚ ਸ਼ਾਮਲ ਹੋਣ ਲਈ ਬੋਰਿਸ ਜੌਹਨਸਨ ਕੋਲ ਲੋੜੀਂਦੀ ਹਮਾਇਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਸੌ ਸੰਸਦ ਮੈਂਬਰਾਂ ਦੀ ਹਮਾਇਤ ਦਾ ਟੀਚਾ ਹਾਸਲ ਕਰ ਲਿਆ ਹੈ। ਮੀਡੀਆ ਨੇ ਇੱਕ ਸੂਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਜੌਹਨਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਮਾਇਤ ’ਚ ਸੌ ਸੰਸਦ ਮੈਂਬਰ ਹਨ ਤੇ ਇਸ ਲਈ ਉਹ ਪ੍ਰਧਾਨ ਮੰਤਰੀ ਦੀ ਦੌੜ ’ਚ ਉਮੀਦਵਾਰ ਵਜੋਂ ਸ਼ਾਮਲ ਹੋ ਸਕਦੇ ਹਨ। –ਰਾਇਟਰਜ਼