ਇਸਲਾਮਾਬਾਦ, 17 ਅਗਸਤ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਖੇਤਰ ਦੀ ਵਿਧਾਨਪਾਲਿਕਾ ਨੇ ਸੁਲਤਾਨ ਮਹਿਮੂਦ ਨੂੰ ਮਕਬੂਜ਼ਾ ਕਸ਼ਮੀਰ ਦਾ ਰਾਸ਼ਟਰਪਤੀ ਚੁਣ ਲਿਆ ਹੈ। ਮਹਿਮੂਦ ਨੂੰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਹਮਾਇਤ ਪ੍ਰਾਪਤ ਹੈ। ਪਾਰਟੀ ਨੇ 25 ਜੁਲਾਈ ਨੂੰ ਹੋਈਆਂ ਚੋਣਾਂ ਜਿੱਤੀਆਂ ਸਨ। ਵਿਰੋਧੀ ਧਿਰ ਵੱਲੋਂ ਉਮੀਦਵਾਰ ਬਣਾਏ ਗਏ ਮੀਆਂ ਅਬਦੁੱਲ ਵਹੀਦ ਨੂੰ 16 ਵੋਟਾਂ ਮਿਲੀਆਂ ਜਦਕਿ ਮਹਿਮੂਦ ਨੂੰ 34 ਵੋਟਾਂ ਹਾਸਲ ਹੋਈਆਂ। ਸੁਲਤਾਨ ਮਹਿਮੂਦ ਹੁਣ ਸਰਦਾਰ ਮਸੂਦ ਖਾਨ ਦੀ ਥਾਂ ਲਏਗਾ ਜਿਸ ਦਾ ਕਾਰਜਕਾਲ 24 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਮਹਿਮੂਦ ਸੀਨੀਅਰ ਸਿਆਸਤਦਾਨ ਹੈ ਜੋ ਕਿ ਜੁਲਾਈ 1996- ਜੁਲਾਈ 2001 ਤੱਕ ਮਕਬੂਜ਼ਾ ਕਸ਼ਮੀਰ ਦਾ ਪ੍ਰਧਾਨ ਮੰਤਰੀ ਵੀ ਰਹਿ ਚੁੱਕਾ ਹੈ। ਭਾਰਤ ਨੇ ਹਾਲ ਹੀ ਵਿਚ ਹੋਈਆਂ ਇਨ੍ਹਾਂ ਚੋਣਾਂ ਦਾ ਵਿਰੋਧ ਕੀਤਾ ਸੀ। ਭਾਰਤ ਨੇ ਕਿਹਾ ਸੀ ਕਿ ਇਨ੍ਹਾਂ ਚੋਣਾਂ ਨਾਲ ਪਾਕਿਸਤਾਨ ਕਸ਼ਮੀਰ ਉਤੇ ਕੀਤੇ ਆਪਣੇ ਨਾਜਾਇਜ਼ ਕਬਜ਼ੇ ਨੂੰ ਲੁਕੋਣਾ ਚਾਹੁੰਦਾ ਹੈ। -ਪੀਟੀਆਈ