ਕਰਾਚੀ, 5 ਸਤੰਬਰ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅੱਜ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਦੇ ਇਕ ਅਤਿਵਾਦੀ ਵੱਲੋਂ ਕੀਤੇ ਆਤਮਘਾਤੀ ਹਮਲੇ ਕਾਰਨ ਸੁਰੱਖਿਆ ਬਲਾਂ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ 20 ਜਣੇ ਜ਼ਖ਼ਮੀ ਹੋ ਗਏ ਹਨ। ਕਵੇਟਾ ਪੁਲੀਸ ਦੇ ਅਧਿਕਾਰੀ ਅਜ਼ਹਰ ਅਕਰਮ ਅਨੁਸਾਰ ਹਮਲਾਵਾਰ ਨੇ ਕਵੇਟਾ ਦੇ ਮਸਤੁੰਗ ਮਾਰਗ ’ਤੇ ਫਰੰਟੀਅਰ ਕੋਰਜ਼ ਦੀ ਚੌਕੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਆਤਮਘਾਤੀ ਹਮਲਾਵਰ ਨੇ ਵਿਸਫੋਟਕ ਪਦਾਰਥ ਨਾਲ ਲੱਦੇ ਆਪਣੇ ਮੋਟਰਸਾਈਕਲ ਨੂੰ ਫਰੰਟੀਅਰ ਦੇ ਜਵਾਨਾਂ ਨੂੰ ਲਿਜਾ ਰਹੇ ਵਾਹਨ ਨਾਲ ਭਿੜਾ ਦਿੱਤਾ। ਮੋਟਰਸਾਈਕਲ ’ਤੇ ਕਰੀਬ ਛੇ ਕਿਲੋ ਵਿਸਫੋਟਕ ਪਦਾਰਥ ਲੱਦਿਆ ਹੋਇਆ ਸੀ। ਇਸ ਹਮਲੇ ਕਾਰਨ ਚਾਰ ਜਵਾਨਾਂ ਦੀ ਮੌਤ ਹੋ ਗਈ ਤੇ 20 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 18 ਜਵਾਨ ਤੇ ਦੋ ਰਾਹਗੀਰ ਸ਼ਾਮਲ ਹਨ। ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। -ਪੀਟੀਆਈ