ਕਾਹਿਰਾ, 3 ਜਨਵਰੀ
ਸੂਡਾਨ ਦੇ ਪ੍ਰਧਾਨ ਮੰਤਰੀ ਅਬਦੁੱਲਾ ਹਮਦੋਕ ਨੇ ਫ਼ੌਜ ਵੱਲੋਂ ਤਖ਼ਤਾ ਪਲਟ ਤੋਂ ਬਾਅਦ ਪੈਦਾ ਹੋਈ ਸਿਆਸੀ ਖਿੱਚੋਤਾਣ ਅਤੇ ਲੋਕਤੰਤਰ ਪੱਖੀ ਹਮਾਇਤੀਆਂ ਦੇ ਵਿਰੋਧ ਦਰਮਿਆਨ ਐਤਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਸੰਯੁਕਤ ਰਾਸ਼ਟਰ ਦੇ ਸਾਬਕਾ ਅਧਿਕਾਰੀ ਹਮਦੋਕ ਨੂੰ ਸੂਡਾਨ ਦੀ ਸੱਤਾ ਤਬਦੀਲੀ ਵਾਲੀ ਸਰਕਾਰ ’ਚ ਆਮ ਲੋਕਾਂ ਦਾ ਚਿਹਰਾ ਮੰਨਿਆ ਜਾਂਦਾ ਸੀ। ਪਿਛਲੇ ਸਾਲ ਅਕਤੂਬਰ ’ਚ ਫ਼ੌਜ ਵੱਲੋਂ ਕੀਤੇ ਗਏ ਤਖ਼ਤਾ ਪਲਟ ਮਗਰੋਂ ਇਕ ਸਮਝੌਤੇ ਤਹਿਤ ਉਨ੍ਹਾਂ ਨੂੰ ਨਵੰਬਰ ’ਚ ਦੁਬਾਰਾ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ। ਉਸ ਸਮੇਂ ਉਹ ਆਪਣੇ ਮੰਤਰੀ ਮੰਡਲ ਦਾ ਗਠਨ ਕਰਨ ’ਚ ਨਾਕਾਮ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਅਸਤੀਫ਼ੇ ਨੇ ਸੂਡਾਨ ਨੂੰ ਸੁਰੱਖਿਆ ਤੇ ਆਰਥਿਕ ਚੁਣੌਤੀਆਂ ਵਿਚਕਾਰ ਸਿਆਸੀ ਦੁਬਿਧਾ ਵੱਲ ਧੱਕ ਦਿੱਤਾ ਹੈ। ਹਮਦੋਕ ਨੇ ਐਤਵਾਰ ਨੂੰ ਟੀਵੀ ’ਤੇ ਆਪਣੇ ਸੰਬੋਧਨ ਦੌਰਾਨ ਗੱਲਬਾਤ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਹੁਦਾ ਛੱਡਣ ਨਾਲ ਕਿਸੇ ਹੋਰ ਵਿਅਕਤੀ ਨੂੰ ਦੇਸ਼ ਦੀ ਅਗਵਾਈ ਕਰਨ ਅਤੇ ਮੁਲਕ ’ਚ ਲੋਕਤੰਤਰ ਬਹਾਲ ਕਰਨ ਦਾ ਮੌਕਾ ਮਿਲੇਗਾ। ਉਂਜ ਉਨ੍ਹਾਂ ਆਪਣੇ ਜਾਨਸ਼ੀਨ ਦੇ ਨਾਮ ਦਾ ਐਲਾਨ ਨਹੀਂ ਕੀਤਾ। ਹਮਦੋਕ ਨੇ ਕਿਹਾ ਕਿ ਉਨ੍ਹਾਂ ਦੇਸ਼ ਨੂੰ ਡੂੰਘੇ ਸੰਕਟ ’ਚ ਜਾਣ ਤੋਂ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਹ ਨਾਕਾਮ ਰਹੇ। ਪਿਛਲੇ ਦੋ ਹਫ਼ਤਿਆਂ ਤੋਂ ਕਿਆਸਾਂ ਲਾਈਆਂ ਜਾ ਰਹੀਆਂ ਸਨ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਗੇ। ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਲਈ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵੀ ਕੋਸ਼ਿਸ਼ਾਂ ਹੋਈਆਂ ਸਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਟਵਿੱਟਰ ’ਤੇ ਸੂਡਾਨ ਦੇ ਆਗੂਆਂ ਨੂੰ ਕਿਹਾ ਹੈ ਕਿ ਉਹ ਮੱਤਭੇਦ ਭੁਲਾ ਕੇ ਸਰਬਸੰਮਤੀ ਨਾਲ ਆਮ ਲੋਕਾਂ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨ। -ਏਪੀ